ਪਟਿਆਲਾ, 14 ਅਪ੍ਰੈਲ (ਅ.ਸ. ਆਹਲੂਵਾਲੀਆ)-ਸਿੱਖ ਮਾਰਸ਼ਲ ਆਰਟ ਗਤਕਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਆਧਾਰਿਤ ਪ੍ਰਭਾਵਸ਼ਾਲੀ ਨਾਟਕ ਪ੍ਰਦਰਸ਼ਨ ਸਮੇਤ ਇਕ ਵਿਸ਼ਾਲ ਲਾਈਟ ਐਂਡ ਸਾਊਾਡ ਸ਼ੋਅ ਦਾ ਆਯੋਜਨ ਪਟਿਆਲਾ ਵਿਖੇ ਬੀਜੇਪੀ ਆਗੂ ਗੁਰਜੀਤ ਸਿੰਘ ਕੋਹਲੀ ਵਲੋਂ ਕੀਤਾ ਗਿਆ | ਪਟਿਆਲਾ 'ਚ ਅਚਾਨਕ ਪਈ ਤੇਜ ਬਾਰਸ਼ ਨੇ ਸਭ ਨੂੰ ਹੈਰਾਨ ਕਰ ਦਿੱਤਾ, ਪਰ ਗੁਰਜੀਤ ਸਿੰਘ ਕੋਹਲੀ ਦੇ ਅਨੁਸਾਰ ਸੰਗਤ ਦਾ ਵਿਸ਼ਵਾਸ ਅਟੱਲ ਰਿਹਾ | ਅਰਦਾਸ ਤੋਂ ਬਾਅਦ ਮੀਂਹ ਰੁਕ ਗਿਆ ਅਤੇ ਸਮਾਗਮ ਮੁੜ ਸ਼ੁਰੂ ਹੋ ਗਿਆ | ਮੀਂਹ ਰੁਕਣ ਉਪਰੰਤ ਗੁਰਜੀਤ ਸਿੰਘ ਕੋਹਲੀ ਨੇ ਆਪਣੀ ਟੀਮ ਨਾਲ ਮਿਲ ਕੇ ਤੁਰੰਤ ਮੋਰਚਾ ਸੰਭਾਲਿਆ ਤੇ ਕੁਝ ਸਮੇ ਵਿਚ ਹੀ ਲਗਭਗ 2000 ਭਿੱਜੀਆਂ ਕੁਰਸੀਆਂ ਹਟਾ ਕੇ ਨਵੀਆਂ ਪਲਾਸਟਿਕ ਗਾਰਡਨ ਕੁਰਸੀਆਂ ਲਗਾਈਆਂ ਗਈਆਂ, ਤਾਂ ਜੋ ਸੰਗਤ ਨੂੰ ਕੋਈ ਦਿੱਕਤ ਨਾ ਆਵੇ | ਮੁੱਖ ਮਹਿਮਾਨ ਸਤਨਾਮ ਸਿੰਘ ਸੰਧੂ, ਮੈਂਬਰ ਰਾਜ ਸਭਾ, ਰਾਤ ਲਗਭਗ 9 : 15 ਵਜੇ ਪਹੁੰਚੇ | ਉਸ ਵੇਲੇ ਤੱਕ ਸਾਰਾ ਪੰਡਾਲ ਸੰਗਤ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ ਮੰਚ 'ਤੇ ਜੋਸ਼ ਭਰੇ ਗਤਕਾ ਪ੍ਰਦਰਸ਼ਨ ਜਾਰੀ ਸਨ | ਮੰਚ 'ਤੇ ਸੰਬੋਧਨ ਕਰਦੇ ਹੋਏ ਸਤਨਾਮ ਸਿੰਘ ਸੰਧੂ ਨੇ ਵਿਸਾਖੀ ਦੀ ਮਹੱਤਤਾ, ਸਿੱਖ ਵਿਰਾਸਤ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਬਾਰੇ ਗੱਲ ਕੀਤੀ | ਉਨ੍ਹਾਂ ਨੇ ਰਾਜਿਆ ਸਭਾ 'ਚ ਉਠਾਏ ਮੁੱਦਿਆਂ ਅਤੇ ਆਉਣ ਵਾਲੇ ਸਮੇਂ 'ਚ ਮਹਿਲਾ ਸਸਕਤੀਕਰਨ ਲਈ ਆਪਣੇ ਯਤਨਾਂ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਨੇ ਸਮਾਗਮ ਦੀ ਸਫਲਤਾ ਲਈ ਗੁਰਜੀਤ ਸਿੰਘ ਕੋਹਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੀਂਹ ਕਾਰਨ ਦੇਰੀ ਹੋਣ ਦੇ ਬਾਵਜੂਦ, ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਕੁਝ ਸੁਚਾਰੂ ਢੰਗ ਨਾਲ ਹੋਇਆ | ਇਸ ਮੌਕੇ 'ਤੇ ਗੁਰਜੀਤ ਸਿੰਘ ਕੋਹਲੀ ਵਲੋਂ ਸਤਨਾਮ ਸਿੰਘ ਸੰਧੂ ਨੂੰ ਸਨਮਾਨ ਵਜੋਂ ਸਿਰੋਪਾਉ ਭੇਂਟ ਕੀਤਾ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਭੇਂਟ ਕੀਤੀ ਗਈ | ਸਮਾਗਮ ਦਾ ਸਮਾਪਨ ਇਕਤਾ, ਵਿਸ਼ਵਾਸ ਅਤੇ ਖ਼ਾਲਸਾ ਪੰਥ ਦੀ ਅਟੱਲ ਆਤਮਾ ਦੇ ਸੁਨੇਹੇ ਨਾਲ ਹੋਇਆ |