ਨਾਭਾ, 17 ਫਰਵਰੀ (ਜਗਨਾਰ ਸਿੰਘ ਦੁਲੱਦੀ)-ਸਿਵਲ ਸਰਜਨ ਪਟਿਆਲਾ ਡਾ. ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਵੀਨੂੰ ਗੋਇਲ, ਐਸ.ਐਮ.ਓ. ਨਾਭਾ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਬਜੁਰਗਾਂ ਲਈ ਮੁਫਤ ਸਿਹਤ ਚੈਕਅੱਪ ਕੈਂਪ ''ਸਾਡੇ ਬਜੁਰਗ ਸਾਡਾ ਮਾਣU ਅਭਿਆਨ ਤਹਿਤ ਲਗਾਇਆ ਗਿਆ, ਜਿਸ ਵਿਚ ਮੈਡੀਸਨ, ਆਰਥੋਂ, ਈ.ਐਨ.ਟੀ. ਅਤੇ ਅੱਖਾਂ ਦੇ ਮਾਹਿਰ ਡਾਕਟਰਾਂ ਦੁਆਰਾ 60 ਸਾਲ ਤੋਂ ਵੱਧ ਉਮਰ ਦੇ ਤਕਰੀਬਨ 400 ਮਰੀਜਾਂ ਦੀ ਸਿਹਤ ਦਾ ਚੈੱਕਅਪ ਕੀਤਾ ਗਿਆ | ਇਸ ਮੌਕੇ ਗੁਰਵਿੰਦਰ ਸਿੰਘ ਬੱਲ ਉਪ ਪੁਲਿਸ ਕਪਤਾਨ ਨਾਭਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਐਸ.ਐਮ.ਓ. ਡਾ. ਵੀਨੂੰ ਗੋਇਲ ਨੇ ਕਿਹਾ ਕਿ ਸਾਡੇ ਬਜੁਰਗ ਸਾਡਾ ਮਾਣ ਹਨ ਅਤੇ ਨੌਜਵਾਨ ਪੀੜੀ ਨੂੰ ਸਹੀ ਰਾਹ ਦਿਖਾਉਣ ਵਿਚ ਘਰ ਦੇ ਬਜੁਰਗਾਂ ਦਾ ਅਹਿਮ ਰੋਲ ਹੁੰਦਾ ਹੈ, ਇਸ ਲਈ ਨੌਜਵਾਨ ਪੀੜੀ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਬਜੁਰਗਾਂ ਦੀ ਸਿਹਤ ਦਾ ਧਿਆਨ ਰੱਖਣ | ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ 60 ਸਾਲ ਤੋਂ ਵੱਧ ਉਮਰ ਦੇ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਅੱਖਾ ਦੀ ਜਾਂਚ ਦੌਰਾਨ ਕੁੱਲ 16 ਮਰੀਜਾਂ ਦੀਆਂ ਅੱਖਾਂ ਵਿਚ ਚਿੱਟਾ ਮੋਤੀਆ ਪਾਇਆ ਗਿਆ ਹੈ, ਜਿਨ੍ਹਾਂ ਦਾ ਅਪ੍ਰੇਸ਼ਨ ਇਸ ਹਸਪਤਾਲ ਵਿਚ ਮੁਫਤ ਕੀਤਾ ਜਾਵੇਗਾ | ਉਪ ਪੁਲਿਸ ਕਪਤਾਨ ਗੁਰਵਿੰਦਰ ਸਿੰਘ ਬੱਲ ਨੇ ਕਿਹਾ ਕਿ ਅਜਿਹੇ ਕੈਂਪ ਲੱਗਣ ਨਾਲ ਲੋਕਾਂ ਨੂੰ ਬਹੁਤ ਲਾਭ ਮਿਲਦਾ ਹੈ ਅਤੇ ਉਹ ਇੱਕ ਸਥਾਨ ਤੇ ਹੀ ਆਪਣੇ ਸ਼ਰੀਰ ਦਾ ਸੰਪੂਰਨ ਚੈਕਅੱਪ ਕਰਵਾ ਸਕਦੇ ਹਨ | ਇਸ ਮੌਕੇ ਡਾ. ਅਨੁਮੇਹਾ ਭੱਲਾ ਮੈਡੀਸਨ ਸਪੈਸ਼ਲਿਸਟ, ਡਾ. ਰਾਓਵਰਿੰਦਰ ਸਿੰਘ ਈ.ਐਨ.ਟੀ ਸਪੈਸ਼ਲਿਸਟ, ਡਾ. ਮਨਦੀਪ ਸਿੰਘ ਅੱਖਾ ਦੇ ਮਾਹਿਰ, ਡਾ. ਅਕਿੰਤ ਹੱਡੀਆ ਦੇ ਮਾਹਿਰ, ਹਰਨਰਾਇਣ ਸਿੰਘ ਅਪਥੈਲਮਿਕ ਅਫਸਰ, ਰੰਮੀ ਰਾਣੀ ਫਾਰਮੇਸੀ ਅਫਸਰ, ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਪਟਿਆਲਾ ਤੋਂ ਇੰਦਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੀ.ਡੀ.ਪੀ.ਓ ਦਫਤਰ ਨਾਭਾ ਤੋਂ ਪਰਮਜੀਤ ਸਿੰਘ, ਹਾਕਮ ਸਿੰਘ, ਗੁਰਦਲਬੀਰ ਸਿੰਘ, ਸਮੂਹ ਸੁਪਰਵਾਇਜਰ, ਆਗਨਵਾੜੀ ਵਰਕਰ ਅਤੇ ਆਸ਼ਾ ਵਰਕਰ ਤੋਂ ਇਲਾਵਾ ਹਸਪਤਾਲ ਸਟਾਫ ਤੇ ਆਮ ਲੋਕ ਮੌਜੂਦ ਸੀ |