ਸਮਾਣਾ, 17 ਫਰਵਰੀ (ਸਾਹਿਬ ਸਿੰਘ)-ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਹਲਕੇ ਵਿਚ ਵਿਕਾਸ ਕੰਮਾਂ ਨੂੰ ਤੇਜ਼ ਕਰਦਿਆਂ ਸ਼ਹਿਰ ਦੀ ਤਹਿਸੀਲ ਸੜਕ ਦੇ ਨਵੀਨੀਕਰਨ ਦੇ ਕੰਮ ਨੂੰ ਟੱਕ ਲਗਾ ਕੇ ਸ਼ੁਰੂ ਕਰਵਾਇਆ ਹੈ | ਉਨ੍ਹਾਂ ਨੇ ਘੱਗਾ ਸੜਕ ਦੇ ਟੀ ਪੁਆਇੰਟ ਤੋਂ ਪੰਜ ਪੀਰ ਤੱਕ ਜਾਣ ਵਾਲੀ ਇਸ ਸੜਕ 'ਤੇ ਕੁੱਲ 1.20 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਨਾਲ ਇਲਾਕਾ ਵਾਸੀਆਂ ਨੂੰ ਬਿਹਤਰ ਆਵਾਜਾਈ ਅਤੇ ਸੁਰੱਖਿਆ ਮਿਲੇਗੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਮਿੰਟੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ, ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਪਰਅਪਾਰ ਸਿੰਘ ਵੀ ਹਾਜ਼ਰ ਸਨ | ਵਿਧਾਇਕ ਸ. ਜੌੜਾਮਾਜਰਾ ਨੇ ਇਸ ਮੌਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਲਕੇ ਦੀਆਂ ਸੜਕਾਂ, ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਤਰਜੀਹ ਦੇ ਰਹੀ ਹੈ | ਇਸ ਸੜਕ ਦੀ ਮੁਰੰਮਤ ਨਾਲ ਸ਼ਹਿਰ ਦੇ ਲੋਕਾਂ ਅਤੇ ਸ਼ਹਿਰ ਵਿਚ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਇਹ ਕੰਮ ਜਲਦੀ ਪੂਰਾ ਕਰਵਾਇਆ ਜਾਵੇਗਾ | ਉਨ੍ਹਾਂ ਆਖਿਆ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ, ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ ਅਤੇ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ | ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਕਾਰਨ ਹਲਕਾ ਸਮਾਣਾ ਵਿਚ ਹੀ ਨਹੀਂ ਸਗੋਂ ਸਮੁੱਚੇ ਸੂਬੇ ਵਿਚ ਲੋਕ ਨਸ਼ਿਆਂ ਵਿਰੁੱਧ ਮੈਦਾਨ ਵਿਚ ਆ ਗਏ ਹਨ | ਉਹ ਦਿਨ ਦੂਰ ਨਹੀਂ ਹਨ ਜਦੋਂ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ | ਇਸ ਮੌਕੇ ਸੁਰਜੀਤ ਸਿੰਘ ਦਈਆ, ਰਮਨਦੀਪ ਸ਼ਰਮਾ, ਸੰਜੇ ਸਾਹਨੀ, ਮਨੋਜ ਕਮਾਰ ਅਤੇ ਸੁਨੈਣਾ ਮਿੱਤਲ ਵੀ ਮੌਜੂਦ ਸਨ |