ਰਾਜਪੁਰਾ, 28 ਜਨਵਰੀ (ਰਣਜੀਤ ਸਿੰਘ)-ਪੰਜਾਬ ਕੋਲ ਕਿਸੇ ਨੂੰ ਵੀ ਦੇਣ ਲਈ ਪਾਣੀ ਦੀ ਇਕ ਬੂੰਦ ਨਹੀਂ ਹੈ ਜੇਕਰ ਵਾਧੂ ਪਾਣੀ ਹੋਵੇ ਤਾਂ ਦਿੱਤਾ ਜਾ ਸਕਦਾ ਹੈ | ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਪੰਜਾਬ ਫੇਰੀ ਦੌਰਾਨ ਪੰਜਾਬ ਨੂੰ ਵੱਡਾ ਪੈਕੇਜ ਦੇਣ ਦਾ ਐਲਾਨ ਕਰਨਾ ਚਾਹੀਦਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਤੇ ਸਾਬਕਾ ਮੈਂਬਰ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਟਿਆਲਾ 'ਚ 31 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਹੋਣ ਜਾ ਰਹੀ ਪਾਰਟੀ ਦੇ ਪਲੇਠੀ ਮੀਟਿੰਗ ਦੀ ਲਾਮਬੰਦੀ ਮੌਕੇ 'ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਮੌਕੇ 'ਤੇ ਕੀਤਾ | ਪ੍ਰੋ. ਚੰਦੂਮਾਜਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਹੋਈ ਮੀਟਿੰਗ 'ਤੇ ਤਿੱਖੀ ਨੁਕਤਾਚੀਨੀ ਕਰਦਿਆਂ ਐਸ.ਵਾਈ.ਐਲ. ਦੇ ਮੁੱਦੇ 'ਤੇ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਪਾਰਟੀ ਪੰਜਾਬ ਨੂੰ ਬਚਾਉਣ ਲਈ ਜਨ ਸੰਪਰਕ ਮੁਹਿੰਮ ਦਾ ਆਗਾਜ਼ ਕਰਨ ਜਾ ਰਹੀ ਹੈ ਤੇ ਇਸ ਸੰਬੰਧੀ ਪਟਿਆਲਾ ਵਿਖੇ ਮੀਟਿੰਗ 31 ਜਨਵਰੀ ਨੂੰ ਹੋਵੇਗੀ ਅਤੇ ਇਸ ਤੋਂ ਬਾਅਦ ਪੂਰੇ ਪੰਜਾਬ 'ਚ ਮੀਟਿੰਗਾਂ ਕੀਤੀਆਂ ਜਾਣਗੀਆਂ | ਉਨ੍ਹਾਂ ਨੇ ਪਾਰਟੀ ਬਦਲ ਕੇ ਗਏ ਚਰਨਜੀਤ ਸਿੰਘ ਬਰਾੜ ਬਾਰੇ ਕਾਫੀ ਜ਼ਿਆਦਾ ਸੁਰ ਨੀਵਾਂ ਰੱਖਦਿਆਂ ਸਿਰਫ ਇਨ੍ਹਾਂ ਹੀ ਕਿਹਾ ਕਿ ਲੋਕਤੰਤਰ 'ਚ ਸਭ ਨੂੰ ਅਧਿਕਾਰ ਹੈ ਕਿ ਉਹ ਜਿਸ ਮਰਜ਼ੀ ਪਾਰਟੀ 'ਚ ਜਾ ਸਕਦਾ ਹੈ | ਪ੍ਰੋ. ਚੰਦੂਮਾਜਰਾ ਨੇ ਦੂਜੇ ਮੁਲਕਾਂ ਨਾਲ ਸੜਕਾਂ ਰਾਹੀ ਵਪਾਰ ਸ਼ੁਰੂ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਜਦ ਕਿ ਹੁਣ ਜ਼ਿਆਦਾਤਰ ਵਪਾਰ ਸਮੁੰਦਰੀ ਰਸਤੇ ਰਾਹੀਂ ਰਿਹਾ ਹੈ | ਇਸ ਮੌਕੇ 'ਤੇ ਪ੍ਰਧਾਨ ਅਬਰਿੰਦਰ ਸਿੰਘ ਕੰਗ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਐਡ. ਸ਼ਬੇਗ ਸਿੰਘ ਸੰਧੂ, ਕਿਰਪਾਲ ਸਿੰਘ ਭੰਗੂ, ਪਿ੍ੰਸੀਪਲ ਕੁਲਵੰਤ ਸਿੰਘ ਸਰਦਾਰਗੜ੍ਹ, ਮਨਜੀਤ ਸਿੰਘ ਗਿੱਲ, ਗੁਰਚਰਨ ਸਿੰਘ ਸਿਹਰਾ, ਧਰਮ ਸਿੰਘ ਭੱਪਲ ਆਦਿ ਹਾਜ਼ਰ ਸਨ |