ਪਟਿਆਲਾ, 28 ਜਨਵਰੀ (ਮਨਦੀਪ ਸਿੰਘ ਖਰੌੜ)-ਸਥਾਨਕ ਅਫ਼ਸਰ ਕਾਲੋਨੀ 'ਚ ਸਥਿਤ ਰਾਮ ਕਥਾ ਸੇਵਕ ਮੰਡਲ ਨੇ ਕੇ. ਜੀ. ਆਈ. ਹਸਪਤਾਲ, ਜਨਿਕ ਲੈਬ ਅਤੇ ਅਨਾਮਿਵਾ ਫਿਜੀਓਥੈਰੇਪੀ ਸੈਂਟਰ 'ਚ ਮੁਫ਼ਤ ਅੱਖਾਂ, ਸ਼ੂਗਰ ਅਤੇ ਫਿਜੀਓਥੈਰੇਪੀ ਨਿਰੀਖਣ ਕੈਂਪ ਲਗਾਇਆ | ਰਾਮ ਕਥਾ ਸੇਵਕ ਮੰਡਲ ਦੇ ਮੈਂਬਰਾਂ ਨੇ ਦੱਸਿਆ ਕਿ ਇਸ 'ਚ ਅੱਖਾਂ ਦੇ ਮਾਹਿਰ ਡਾ. ਸਮਨ ਗਰਗ, ਲੈਬ ਮਾਹਿਰ ਡਾ. ਸ਼ਿਖਾ ਗਰਗ, ਫਿਜੀਓਥੈਰੇਪੀ ਮਾਹਿਰ ਡਾ. ਸੌਰਵ ਸ਼ਰਮਾ ਅਤੇ ਡਾ. ਸੰਚਾਲੀ ਜਿੰਦਲ ਨੇ 350 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ | ਮੰਡਲ ਮੈਂਬਰਾਂ ਨੇ ਦੱਸਿਆ ਕਿ ਕੈਂਪ 'ਚ ਸ਼ਾਮਲ ਮਰੀਜ਼ਾਂ ਦਾ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਗਿਆ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਲਈ ਆਉਣ ਵਾਲੇ ਲੋੜਵੰਦਾਂ ਲਈ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ | ਮੰਡਲ ਮੈਂਬਰਾਂ ਨੇ ਦੱਸਿਆ ਕਿ ਪਟਿਆਲਾ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਅਤੇ ਸੰਗਠਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕੈਂਪ ਨੂੰ ਸਫਲ ਬਣਾਇਆ |