ਪਾਤੜਾਂ, 22 ਜਨਵਰੀ (ਗੁਰਇਕਬਾਲ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਬੁਲਾਰੇ ਅਤੇ ਡੈਲੀਗੇਟ ਵਰੁਣ ਕੁਮਾਰ ਕੌਂਸਲ ਨੇ ਪਾਰਟੀ ਦੀ ਆਪਣੀ ਮੁੱਢਲੀ ਮੈਂਬਰਸ਼ਿਪ ਅਤੇ ਡੈਲੀਗੇਟ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਵਰੁਣ ਕਾਂਸਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਬਣੀ ਹੋਈ ਪਾਰਟੀ ਸੀ ਪਰ ਇਕ ਪਰਿਵਾਰ ਦਾ ਪਾਰਟੀ 'ਤੇ ਕਬਜ਼ਾ ਹੋਣ ਕਾਰਨ ਲੋਕਾਂ 'ਚ ਰੋਸ ਸੀ, ਜਿਸ ਦੇ ਸੁਧਾਰ ਲਈ ਸੁਧਾਰ ਲਹਿਰ ਚਲਾਈ ਗਈ, ਜਿਸ ਨੂੰ ਪੁਨਰ ਸੁਰਜੀਤ ਦਾ ਨਾਮ ਦਿੱਤਾ ਗਿਆ ਪਰ ਇਹ ਪੁਨਰ ਸੁਰਜੀਤ ਵੀ ਸਿਧਾਂਤਾਂ 'ਤੇ ਪਹਿਰਾ ਦੇਣ 'ਚ ਨਾਕਾਮਯਾਬ ਰਹੀ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪੰਜਾਬ ਦੇ ਮੁੱਦਿਆਂ ਵੱਲ ਕੋਈ ਨਾ ਧਿਆਨ ਦੇਣ ਕਾਰਨ ਪਿਛਲੇ ਸਮੇਂ ਕਈ ਵੱਡੇ ਲੀਡਰ ਪਾਰਟੀ ਨੂੰ ਅਲਵਿਦਾ ਆਖ ਕੇ ਚਲੇ ਗਏ ਪਰ ਫਿਰ ਵੀ ਪਾਰਟੀ ਵਲੋਂ ਕੋਈ ਗਤੀਵਿਧੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਬਰਾੜ ਵਰਗੇ ਸੁਲਝੇ ਅਤੇ ਦੁਰ ਅੰਦੇਸ਼ੀ ਸੋਚ ਵਾਲੇ ਲੀਡਰ ਨੂੰ ਗਵਾ ਦੇਣਾ ਨਾਲ ਵੀ ਵਰਕਰਾਂ ਦੇ ਦਿਲਾਂ 'ਤੇ ਡੂੰਘੀ ਸੱਟ ਵੱਜੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦਾ ਪੰਜਾਬ ਦੇ ਮੁੱਦਿਆਂ ਪ੍ਰਤੀ ਕੋਈ ਸਟੈਂਡ ਨਾ ਹੋਣਾ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੋਈ ਪ੍ਰੋਗਰਾਮ ਨਾ ਦੇਣ ਕਾਰਨ ਉਨ੍ਹਾਂ ਦੇ ਮਨ 'ਚ ਰੋਸ ਸੀ | ਜਿਸ ਨੂੰ ਉਹ ਭਰੇ ਮਨ ਨਾਲ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਆਪਣਾ ਅਸਤੀਫ਼ਾ ਦੇ ਰਹੇ ਹਨ |