04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪੈਟਰੋਲ-ਡੀਜ਼ਲ ਦੀ ਕਿੱਲਤ ਦੀਆਂ ਅਫ਼ਵਾਹਾਂ ਨਾਲ ਅਜਨਾਲਾ ਖੇਤਰ ਦੇ ਲੋਕਾਂ ਵਿਚ ਹਫੜਾ-ਦਫੜੀ ਦਾ ਮਾਹੌਲ

ਅਜੀਤ ਡੈਸਕ 27-03-2026

ਕਈ ਪੈਟਰੋਲ ਪੰਪਾਂ 'ਤੇ ਡੀਜ਼ਲ ਤੇਲ ਹੋਇਆ ਖ਼ਤਮ, ਲੋਕ ਹੋ ਰਹੇ ਪ੍ਰੇਸ਼ਾਨ
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਮਰੀਕਾ ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀ ਸੰਭਾਵਿਤ ਕਿੱਲਤ ਸੰਬੰਧੀ ਫ਼ੈਲ ਰਹੀਆਂ ਅਫ਼ਵਾਹਾਂ ਕਾਰਨ ਲੋਕਾਂ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ | ਇਨ੍ਹਾਂ ਅਫ਼ਵਾਹਾਂ ਦੇ ਚੱਲਦਿਆਂ ਲੋਕ ਵੱਡੀ ਗਿਣਤੀ ਵਿਚ ਪੈਟਰੋਲ ਪੰਪਾਂ ਵੱਲ ਰੁਖ ਕਰ ਰਹੇ ਹਨ ਤੇ ਡਰੰਮਾਂ ਕੈਨਾਂ ਵਿਚ ਤੇਲ ਲਿਜਾ ਰਹੇ ਹਨ | ਅਜਨਾਲਾ ਖੇਤਰ ਦੇ ਕਈ ਪੈਟਰੋਲ ਪੰਪਾਂ 'ਤੇ ਡੀਜ਼ਲ ਤੇਲ ਖ਼ਤਮ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਸਮੇਤ ਹਰੇਕ ਵਰਗ ਦੇ ਲੋਕਾਂ ਵਿਚ ਚਿੰਤਾ ਦਿਖਾਈ ਦੇ ਰਹੀ ਹੈ | ਉਧਰ ਨਿੱਜੀ ਤੇਲ ਕੰਪਨੀ ਨਾਇਰਾ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾਏ ਜਾਣ ਨਾਲ ਲੋਕਾਂ 'ਤੇ ਵੱਡਾ ਆਰਥਿਕ ਬੋਝ ਵੀ ਪੈਂਦਾ ਨਜ਼ਰ ਆ ਰਿਹਾ ਹੈ | ਰੇਟ ਵਧਣ ਦੇ ਬਾਵਜੂਦ ਅਜਨਾਲਾ ਤੋਂ ਥੋੜੀ ਦੂਰ ਪਿੰਡ ਤਲਵੰਡੀ ਰਾਏਦਾਦੂ ਨਜ਼ਦੀਕ ਸਥਿਤ ਨਾਇਰਾ ਪੈਟਰੋਲ ਪੰਪ 'ਤੇ ਲੋਕਾਂ ਵਲੋਂ ਤੇਲ ਦੀ ਖ਼ਰੀਦ ਵਿਚ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਡੀਜ਼ਲ ਦੀ ਘਾਟ ਕਾਰਨ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਹੈ, ਕਿਉਂਕਿ ਖੇਤੀਬਾੜੀ ਦੇ ਸਾਰੇ ਕੰਮ ਡੀਜ਼ਲ 'ਤੇ ਹੀ ਨਿਰਭਰ ਹਨ | ਗੱਗੋਮਾਹਲ ਤੋਂ ਨਾਇਰਾ ਪੰਪ 'ਤੇ ਡੀਜ਼ਲ ਲੈਣ ਆਏ ਨੌਜਵਾਨ ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਅਜਨਾਲਾ ਤੋਂ ਆਉਂਦੇ ਸਾਰੇ ਪੈਟਰੋਲ ਪੰਪਾਂ ਤੋਂ ਡੀਜ਼ਲ ਤੇਲ ਨਾ ਮਿਲਣ ਕਰਕੇ ਉਹ ਇਸ ਪੰਪ ਤੇ 3 ਰੁਪਏ ਮਹਿੰਗਾ ਡੀਜ਼ਲ ਖ਼ਰੀਦਣ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਅਸੀਂ 200 ਲੀਟਰ ਤੋਂ ਵੱਧ ਡੀਜ਼ਲ ਲੈਣਾ ਸੀ ਪਰ ਸਾਨੂੰ ਪੰਪ ਮਾਲਕ ਵਲੋਂ ਸਿਰਫ਼ 3000 ਰੁਪਏ ਦਾ ਡੀਜ਼ਲ ਹੀ ਦਿੱਤਾ ਗਿਆ ਹੈ ਜਦਕਿ ਹੁਣ ਉਹ ਹੋਰ ਡੀਜ਼ਲ ਲੈਣ ਲਈ ਇੱਥੋਂ ਲਗਭਗ 30 ਕਿੱਲੋਮੀਟਰ ਦੂਰ ਚੁਗਾਵਾਂ ਤੋਂ ਡੀਜ਼ਲ ਤੇਲ ਲੈਣ ਲਈ ਜਾਣਗੇ | ਕਿਸਾਨ ਰਣਜੀਤ ਸਿੰਘ ਰਾਣਾ ਕਮੀਰਪੁਰਾ ਅਤੇ ਸਰਪੰਚ ਰਘਬੀਰ ਸਿੰਘ ਵੰਝਾਂਵਾਲਾ ਨੇ ਦੱਸਿਆ ਕਿ ਕਿਸਾਨ ਭਰਾਵਾਂ ਨੂੰ ਇਸ ਸਮੇਂ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ, ਕਿਉਂਕਿ ਖੇਤੀਬਾੜੀ ਦੇ ਅਹਿਮ ਕੰਮ ਇਸੇ ਮੌਸਮ ਵਿਚ ਹੁੰਦੇ ਹਨ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਡੀਜ਼ਲ ਦੀ ਸਪਲਾਈ ਨਿਰੰਤਰ ਬਣਾਈ ਰੱਖੀ ਜਾਵੇ ਤਾਂ ਜੋ ਕਿਸਾਨ ਆਪਣੇ ਖੇਤੀਬਾੜੀ ਦੇ ਕੰਮ ਸਮੇਂ ਸਿਰ ਪੂਰੇ ਕਰ ਸਕਣ | ਉਧਰ ਨਾਇਰਾ ਪੈਟਰੋਲ ਪੰਪ ਮਾਲਕ ਸਨਮਪਾਲ ਸਿੰਘ ਦੱਸਿਆ ਕਿ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਣ ਦੇ ਬਾਵਜੂਦ ਉਨ੍ਹਾਂ ਦੇ ਪੰਪ 'ਤੇ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਸੇਲ ਹੋ ਰਹੀ ਹੈ, ਕਿਉਂਕਿ ਲੋਕ ਭਵਿੱਖ ਦੀ ਸੰਭਾਵਿਤ ਕਿੱਲਤ ਦੇ ਡਰ ਕਰਕੇ ਵੱਧ ਮਾਤਰਾ ਵਿਚ ਤੇਲ ਇਕੱਠਾ ਕਰ ਰਹੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਰੂਰਤ ਅਨੁਸਾਰ ਹੀ ਤੇਲ ਲੈ ਕੇ ਜਾਣ |

ਪਿਛਲੀ ਖ਼ਬਰ ਜ: ਜਲਾਲ ਉਸਮਾ ਨੇ 2 ਅਪ੍ਰੈਲ ਦੀ 'ਪੰਜਾਬ ਬਚਾਓ ਰੈਲੀ' ਲਈ ਵਰਕਰਾਂ ਨੂੰ ਪ੍ਰੇਰਿਆ ਅਗਲੀ ਖ਼ਬਰ ਬਲਜਿੰਦਰ ਸਿੰਘ ਮਾਹਲ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।