ਬਾਬਾ ਬਕਾਲਾ ਸਾਹਿਬ, 29 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਕਸਬਾ ਬੁਤਾਲਾ ਵਿਖੇ ਚੋਰਾਂ ਵਲੋਂ ਬੀਤੀ ਰਾਤ ਚੋਰੀ ਦੀ ਵਾਰਦਾਤ ਕਰਕੇ ਮੱਝਾਂ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸਰਪੰਚ ਸੁਖਵਿੰਦਰ ਸਿੰਘ ਬੁਤਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਛੋਟਾ ਕਿਸਾਨ ਹੈ ਅਤੇ ਸਹਾਇਕ ਧੰਦੇ ਵਜੋਂ ਮੱਝਾਂ ਰੱਖ ਕੇ ਦੁੱਧ ਦਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ | ਚੋਰਾਂ ਵਲੋਂ ਕੀਤੀ ਗਈ ਇਸ ਘਿਨੌਣੀ ਹਰਕਤ ਕਰਕੇ ਇਸ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਦੀਆਂ ਦੋ ਮੱਝਾਂ ਜਿਨ੍ਹਾਂ ਦੀ ਕੀਮਤ ਲਗਭਗ ਪੌਣੇ ਦੋ ਲੱਖ ਰੁਪਏ ਹੈ ਚੋਰੀ ਹੋ ਗਈਆਂ ਹਨ | ਸਰਪੰਚ ਸੁਖਵਿੰਦਰ ਸਿੰਘ ਬੁਤਾਲਾ ਕਿ ਸਾਡੀ ਸਮੂਹ ਪੰਚਾਇਤ, ਪਿੰਡ ਵਾਸੀਆਂ ਦੀ ਪੁਲਿਸ ਪਾਸੋਂ ਸਮੂਹਿਕ ਮੰਗ ਹੈ ਕਿ ਜਲਦ ਕਾਰਵਾਈ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ | ਉਨ੍ਹਾਂ ਡੀ. ਸੀ. ਅੰਮਿ੍ਤਸਰ ਪਾਸੋਂ ਵੀ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ | ਇਸ ਮੌਕੇ ਸਰਪੰਚ ਬੁਤਾਲਾ ਤੋਂ ਇਲਾਵਾ ਜਸਵਿੰਦਰ ਸਿੰਘ, ਨਵਰਾਜ ਸਿੰਘ ਫੌਜੀ, ਪ੍ਰਭਜੀਤ ਸਿੰਘ ਖਾਲਸਾ, ਬਿਕਰਮ ਸਿੰਘ, ਸਰਬਜੀਤ ਸਿੰਘ ਫੌਜੀ ਆਦਿ ਹਾਜ਼ਰ ਸਨ |