29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮਕਬਰੇ ਕੋਲ ਮੁੜ ਕੂੜਾ ਡੰਪ ਕਰਨ ਦੀ ਕੋਸ਼ਿਸ਼ ਦਾ ਲੋਕਾਂ ਵਲੋਂ ਵਿਰੋਧ <br/>

ਅਜੀਤ ਡੈਸਕ 22-05-2026
ਰੂਪਨਗਰ, 21 ਮਈ (ਸਤਨਾਮ ਸਿੰਘ ਸੱਤੀ)-ਸਫ਼ਾਈ ਕਰਮਚਾਰੀਆਂ ਦੀ 15 ਦਿਨਾਂ ਲੰਬੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਵਿਚ ਇਕੱਠਾ ਹੋਇਆ ਕੂੜਾ ਮਕਬਰੇ ਕੋਲ ਆਰਜ਼ੀ ਤੌਰ 'ਤੇ ਇਕੱਠਾ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਵਾਰਡ ਨੰਬਰ 15 ਦੇ ਸਥਾਨਕ ਨਿਵਾਸੀਆਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ | ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਸਪਸ਼ਟ ਚੇਤਾਵਨੀ ਦਿੱਤੀ ਕਿ ਕਿਸੇ ਵੀ ਹਾਲਤ ਵਿਚ ਇੱਥੇ ਮੁੜ ਕੂੜੇ ਦਾ ਡੰਪ ਨਹੀਂ ਬਣਨ ਦਿੱਤਾ ਜਾਵੇਗਾ | ਮੌਕੇ 'ਤੇ ਪੁੱਜੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਤੇ ਹੋਰ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾਉਂਦਿਆਂ ਕਿਹਾ ਕਿ 15 ਦਿਨਾਂ ਦੀ ਹੜਤਾਲ ਕਾਰਨ ਪੂਰਾ ਸ਼ਹਿਰ ਗੰਦਗੀ ਨਾਲ ਭਰ ਗਿਆ ਹੈ ਤੇ ਚਾਰੇ ਪਾਸੇ ਬਦਬੂ ਫੈਲੀ ਹੋਈ ਹੈ | ਉਨ੍ਹਾਂ ਦਲੀਲ ਦਿੱਤੀ ਕਿ ਸਫ਼ਾਈ ਕਰਮਚਾਰੀਆਂ ਵਲੋਂ ਰਾਤੋ-ਰਾਤ ਸ਼ਹਿਰ ਦਾ ਕੂੜਾ ਚੁੱਕ ਕੇ ਇੱਥੇ ਆਰਜ਼ੀ ਤੌਰ 'ਤੇ ਰੱਖਿਆ ਜਾਣਾ ਹੈ, ਜਿਸ ਨੂੰ ਅਗਲੇ ਦੋ-ਚਾਰ ਦਿਨਾਂ ਵਿਚ ਹੌਲੀ-ਹੌਲੀ ਪੱਕੇ ਡੰਪ 'ਤੇ ਭੇਜ ਦਿੱਤਾ ਜਾਵੇਗਾ |
ਲੰਮੇ ਸੰਘਰਸ਼ ਤੋਂ ਬਾਅਦ ਡੰਪ ਹਟਵਾਇਆ ਸੀ
ਇਸ ਮੌਕੇ ਵਾਰਡ ਨੰਬਰ 15 ਦੇ ਪ੍ਰਮੁੱਖ ਆਗੂ ਗੁਰਮੁਖ ਸਿੰਘ ਸੈਣੀ ਸਾਬਕਾ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਪਟਵਾਰੀ ਨੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖੁੱਲ੍ਹਣ ਦਾ ਸਵਾਗਤ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਕਾਫ਼ੀ ਪਹਿਲਾਂ ਹੀ ਮੰਨ ਲਈਆਂ ਜਾਣੀਆਂ ਚਾਹੀਦੀਆਂ ਸਨ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 15 ਦੇ ਵਾਸੀਆਂ ਨੇ ਕਾਫ਼ੀ ਲੰਬੇ ਸੰਘਰਸ਼ ਤੋਂ ਬਾਅਦ ਮਕਬਰੇ ਕੋਲੋਂ ਕੂੜੇ ਦਾ ਡੰਪ ਪੱਕੇ ਤੌਰ 'ਤੇ ਹਟਵਾਇਆ ਸੀ | ਹੁਣ ਇੱਕ ਵਾਰ ਫਿਰ ਨਗਰ ਕੌਂਸਲ ਵਲੋਂ ਇੱਥੇ ਸ਼ਹਿਰ ਦਾ ਕੂੜਾ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ |
ਦਿਨ-ਰਾਤ ਪਹਿਰਾ ਦੇਵਾਂਗੇ
ਸਥਾਨਕ ਵਾਸੀਆਂ ਨੇ ਖ਼ਦਸ਼ਾ ਜਤਾਇਆ ਕਿ ਜੇ ਹੁਣ ਇੱਕ ਵਾਰ ਮੁੜ ਇੱਥੇ ਕੂੜਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਤਾਂ ਭਵਿੱਖ ਵਿਚ ਇਹ ਸਥਾਨ ਫਿਰ ਸਥਾਈ ਡੰਪਿੰਗ ਪੁਆਇੰਟ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਕੂੜੇ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਤੇ ਬਦਬੂ ਦਾ ਸਾਹਮਣਾ ਕਰਨਾ ਪਿਆ ਸੀ | ਲੋਕਾਂ ਨੇ ਐਲਾਨ ਕੀਤਾ ਕਿ ਉਹ ਦਿਨ-ਰਾਤ ਪਹਿਰਾ ਦੇਣਗੇ ਅਤੇ ਜੇ ਕੋਈ ਵੀ ਇਸ ਜਗ੍ਹਾ ਕੂੜਾ ਸੁੱਟਣ ਦੀ ਕੋਸ਼ਿਸ਼ ਕਰੇਗਾ ਤਾਂ ਉਸਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ |

ਪਿਛਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਨਾਂਅ ਦੇ ਟਰੇਡਮਾਰਕ ਲਈ ਲੱਗੀ ਦੌੜ ਅਗਲੀ ਖ਼ਬਰ 15 ਦਿਨਾਂ ਬਾਅਦ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।