29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

15 ਦਿਨਾਂ ਬਾਅਦ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਸਮਾਪਤ <br/>

ਅਜੀਤ ਡੈਸਕ 22-05-2026
ਰੂਪਨਗਰ, 21 ਮਈ (ਸਤਨਾਮ ਸਿੰਘ ਸੱਤੀ)- ਪੰਜਾਬ ਸਰਕਾਰ ਵਲੋਂ ਸਫ਼ਾਈ ਕਰਮਚਾਰੀਆਂ ਤੇ ਆਊਟਸੋਰਸ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਬਾਅਦ ਰੂਪਨਗਰ ਵਿਚ ਪਿਛਲੇ 15 ਦਿਨਾਂ ਤੋਂ ਚੱਲ ਰਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਅੱਜ ਅਧਿਕਾਰਤ ਤੌਰ 'ਤੇ ਸਮਾਪਤ ਹੋ ਗਈ | ਇਸ ਮੌਕੇ 'ਫਾਈਵ ਜੀ ਯੂਨੀਅਨ' ਤੇ 'ਸਫ਼ਾਈ ਕਰਮਚਾਰੀ ਯੂਨੀਅਨ ਰੂਪਨਗਰ' ਵਲੋਂ ਢੋਲ-ਨਗਾੜਿਆਂ ਨਾਲ ਵਿਸ਼ਾਲ ਰੈਲੀ ਕੱਢ ਕੇ ਜਸ਼ਨ ਮਨਾਇਆ ਗਿਆ | ਰੈਲੀ ਦੌਰਾਨ ਸ਼ਹਿਰ ਵਾਸੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਮੁਲਾਜ਼ਮਾਂ ਦੇ ਸੰਘਰਸ਼ ਤੇ ਸਰਕਾਰ ਵਲੋਂ ਕੀਤੇ ਗਏ ਫ਼ੈਸਲੇ ਦਾ ਸਵਾਗਤ ਕੀਤਾ | ਹੜਤਾਲ ਖ਼ਤਮ ਹੋਣ ਨਾਲ ਸ਼ਹਿਰ ਵਿਚ ਮੁੜ ਸਫ਼ਾਈ ਪ੍ਰਬੰਧ ਪਟੜੀ 'ਤੇ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ |
ਕਿਸੇ ਵੀ ਆਗੂ ਨੇ ਸੰਘਰਸ਼ ਵਿਚ ਅੜਚਣ ਨਹੀਂ ਪਾਈ : ਦਿਨੇਸ਼ ਚੱਢਾ
ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਮਿਊਾਸੀਪਲ ਕਮੇਟੀ ਵਿਚ ਆਊਟਸੋਰਸ ਤਹਿਤ ਕੰਮ ਕਰ ਰਹੇ ਸਫ਼ਾਈ ਸੇਵਕਾਂ ਤੇ ਸੀਵਰੇਜ ਵਰਗੇ ਖ਼ਤਰਨਾਕ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣਾ ਸਰਕਾਰ ਦੀ ਵੱਡੀ ਪ੍ਰਾਪਤੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਕੱਚੇ ਮੁਲਾਜ਼ਮਾਂ ਦੀ ਕਦੇ ਸੁਣਵਾਈ ਨਹੀਂ ਕੀਤੀ ਪਰ ਮੌਜੂਦਾ ਸਰਕਾਰ ਨੇ ਉਨ੍ਹਾਂ ਦੇ ਹੱਕਾਂ ਨੂੰ ਪਹਿਲ ਦਿੱਤੀ ਹੈ | ਵਿਧਾਇਕ ਚੱਢਾ ਨੇ ਕਿਹਾ ਕਿ ਭਾਵੇਂ ਮੁਲਾਜ਼ਮ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸਨ ਪਰ ਸ਼ਹਿਰ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਜਾਂ ਅਹੁਦੇਦਾਰ ਨੇ ਇਸ ਹੜਤਾਲ ਵਿਚ ਕੋਈ ਰੁਕਾਵਟ ਨਹੀਂ ਪਾਈ | ਉਨ੍ਹਾਂ ਕਿਹਾ ਕਿ ਇਹ ਲੜਾਈ ਆਪਣੇ ਹੀ ਭਰਾਵਾਂ ਦੇ ਹੱਕਾਂ ਦੀ ਸੀ ਜਿਸ ਵਿਚ ਪੂਰੇ ਸ਼ਹਿਰ ਨੇ ਸਾਥ ਦਿੱਤਾ |
ਠੇਕੇਦਾਰੀ ਪ੍ਰਥਾ ਖ਼ਤਮ ਕਰਨ ਵੱਲ ਵੱਡਾ ਕਦਮ
ਦਿਨੇਸ਼ ਚੱਢਾ ਨੇ ਦੱਸਿਆ ਕਿ ਹੁਣ 3 ਸਾਲ ਪੂਰੇ ਕਰ ਚੁੱਕੇ ਆਊਟਸੋਰਸ ਸਫ਼ਾਈ ਕਰਮਚਾਰੀ ਠੇਕੇਦਾਰਾਂ ਦੀ ਥਾਂ ਸਿੱਧੇ ਮਿਊਾਸੀਪਲ ਕਮੇਟੀ ਦੇ ਕੰਟਰੈਕਟ ਹੇਠ ਲਿਆਂਦੇ ਜਾਣਗੇ | ਇਸੇ ਤਰ੍ਹਾਂ ਕੰਪਿਊਟਰ ਓਪਰੇਟਰਾਂ ਤੇ ਕਲੈਰੀਕਲ ਸਟਾਫ਼ ਨੂੰ 5 ਸਾਲਾਂ ਬਾਅਦ ਸਿੱਧੇ ਕਮੇਟੀ ਅਧੀਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਭਵਿੱਖ ਵਿਚ ਰੈਗੂਲਰ ਕਰਨ ਤੇ ਤਨਖ਼ਾਹਾਂ ਵਿਚ ਹੋਰ ਵਾਧਾ ਕਰਨ ਲਈ ਸਰਕਾਰ ਵਲੋਂ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ ਜੋ ਇੱਕ ਮਹੀਨੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ |
10,500 ਤੋਂ ਵਧ ਕੇ 18,000 ਰੁਪਏ ਹੋਈ ਤਨਖ਼ਾਹ
ਯੂਨੀਅਨ ਪ੍ਰਧਾਨ ਅਜੇ ਭੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਭਰ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਆਊਟਸੋਰਸਿੰਗ ਅਤੇ ਠੇਕੇਦਾਰੀ ਪ੍ਰਥਾ ਖ਼ਿਲਾਫ਼ ਇਹ ਲੰਬਾ ਸੰਘਰਸ਼ ਸੀ, ਜਿਸ ਨੂੰ ਹੁਣ ਵੱਡੀ ਜਿੱਤ ਮਿਲੀ ਹੈ | ਭੱਟੀ ਨੇ ਦੱਸਿਆ ਕਿ ਪਹਿਲਾਂ ਮੁਲਾਜ਼ਮਾਂ ਨੂੰ ਕੇਵਲ 10,500 ਰੁਪਏ ਤਨਖ਼ਾਹ ਮਿਲਦੀ ਸੀ ਪਰ ਹੁਣ ਸਰਕਾਰ ਨੇ ਡੀ.ਸੀ. ਰੇਟ ਤੋਂ ਉੱਪਰ ਜਾ ਕੇ ਨਿਯਮਿਤ ਸਰਕਾਰੀ ਸਕੇਲ ਅਨੁਸਾਰ ਮੁੱਢਲੀ ਤਨਖ਼ਾਹ 18,000 ਰੁਪਏ ਤੈਅ ਕੀਤੀ ਹੈ | ਇਸ ਦੇ ਨਾਲ ਹਰ ਸਾਲ ਇੰਕਰੀਮੈਂਟ ਵੀ ਦਿੱਤਾ ਜਾਵੇਗਾ | ਹੜਤਾਲ ਖ਼ਤਮ ਹੋਣ ਮਗਰੋਂ ਯੂਨੀਅਨ ਪ੍ਰਧਾਨ ਅਜੇ ਭੱਟੀ ਨੇ ਭਰੋਸਾ ਦਿੱਤਾ ਕਿ ਸਮੂਹ ਸਫ਼ਾਈ ਕਰਮਚਾਰੀ ਅੱਜ ਰਾਤ ਤੋਂ ਹੀ ਕੰਮ 'ਤੇ ਵਾਪਸ ਲੱਗ ਜਾਣਗੇ ਤੇ ਰਾਤੋ-ਰਾਤ ਸ਼ਹਿਰ ਦਾ ਕੂੜਾ ਚੁੱਕ ਕੇ ਸਫ਼ਾਈ ਵਿਵਸਥਾ ਮੁੜ ਦਰੁਸਤ ਕਰ ਦਿੱਤੀ ਜਾਵੇਗੀ | ਹੜਤਾਲ ਖ਼ਤਮ ਹੋਣ ਦੇ ਐਲਾਨ ਮਗਰੋਂ ਰੂਪਨਗਰ ਵਿਚ ਢੋਲ-ਧਮੱਕਿਆਂ ਅਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ |

ਪਿਛਲੀ ਖ਼ਬਰ ਮਕਬਰੇ ਕੋਲ ਮੁੜ ਕੂੜਾ ਡੰਪ ਕਰਨ ਦੀ ਕੋਸ਼ਿਸ਼ ਦਾ ਲੋਕਾਂ ਵਲੋਂ ਵਿਰੋਧ <br/> ਅਗਲੀ ਖ਼ਬਰ ਕਕੌਟ ਦੇ ਜੰਗਲ ਨੂੰ ਅੱਗ ਨੇ ਲਪੇਟ 'ਚ ਲਿਆ, ਜੰਗਲੀ ਸੰਪਤੀ ਤੇ ਜੰਗਲੀ ਜਾਨਵਰਾਂ ਤੇ ਜੀਵ-ਜੰਤੂਆਂ ਨੂੰ ਪੁੱਜਿਆ ਨੁਕਸਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।