ਮੋਰਿੰਡਾ, 16 ਮਈ (ਤਰਲੋਚਨ ਸਿੰਘ ਕੰਗ)- ਮੋਰਿੰਡਾ ਸ਼ਹਿਰ ਦੇ ਸੀਵਰੇਜ ਅਤੇ ਸਫਾਈ ਪ੍ਰਬੰਧਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਸ਼ਹਿਰ ਵਾਸੀ ਕਾਫੀ ਦੁਖੀ ਹੋ ਚੁੱਕੇ ਹਨ | ਸ਼ਹਿਰ ਦਾ ਕੋਈ ਇਲਾਕਾ ਅਜਿਹਾ ਨਹੀਂ ਹੈ ਜਿੱਥੇ ਕੂੜੇ ਦੇ ਢੇਰ ਤੇ ਸੀਵਰੇਜ ਦਾ ਪਾਣੀ ਸ਼ਰੇਆਮ ਸੜਕਾਂ 'ਤੇ ਨਾ ਚੱਲਦਾ ਹੋਵੇ | ਹੋਰ ਤਾਂ ਹੋਰ ਸ਼ਮਸ਼ਾਨਘਾਟ ਨੂੰ ਜਾਣ ਵਾਲਾ ਲਗਭਗ 100-150 ਮੀਟਰ ਦੇ ਛੋਟੇ ਜਿਹੇ ਸੜਕ ਦੇ ਟੋਟੇ 'ਤੇ ਵੀ ਸੀਵਰੇਜ ਦਾ ਪਾਣੀ ਲਗਾਤਾਰ ਓਵਰਫਲੋਅ ਹੁੰਦਾ ਰਹਿੰਦਾ ਹੈ | ਜਦੋਂ ਵੀ ਲੋਕੀਂ ਕਿਸੇ ਦਾ ਅੰਤਿਮ ਸਸਕਾਰ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿਚ ਸ਼ਮਸ਼ਾਨਘਾਟ ਜਾਂਦੇ ਹਨ ਤਾਂ ਨਗਰ ਕੌਂਸਲ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕੋਸਦੇ ਹਨ ਪਰ ਨਗਰ ਕੌਂਸਲ ਤੇ ਸੀਵਰੇਜ ਵਿਭਾਗ ਦੇ ਕਰਮਚਾਰੀਆਂ-ਅਧਿਕਾਰੀਆਂ ਨੂੰ ਸ਼ਹਿਰ ਦੀ ਸਫਾਈ ਤੇ ਸੀਵਰੇਜ ਸਿਸਟਮ ਤੇ ਬਿਲਕੁਲ ਵੀ ਤਰਸ ਨਹੀਂ ਆ ਰਿਹਾ | ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਮਜੀਦ ਖਾਨ, ਮੋਨੂੰ ਖਾਨ ਨੇ ਦੱਸਿਆ ਕਿ ਸ਼ਮਸ਼ਾਨਘਾਟ ਦੇ ਰਿਕਾਰਡ ਮੁਤਾਬਿਕ ਸਾਲਾਨਾ 250 ਮੌਤਾਂ ਹੋ ਜਾਂਦੀਆਂ ਹਨ | ਪਿਛਲੇ ਲਗਾਤਾਰ ਤਿੰਨ-ਚਾਰ ਸਾਲ ਤੋਂ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ 'ਤੇ ਖੜੇ ਗੰਦੇ ਪਾਣੀ ਵਿੱਚੋਂ ਹੀ ਲੋਕਾਂ ਨੂੰ ਲੰਘਣਾ ਪੈਂਦਾ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਆਉਂਦੀਆਂ ਹਨ | ਇਸੇ ਸਮੱਸਿਆ ਦੇ ਹੱਲ ਲਈ ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਾਸੀਆਂ ਨੇ ਸਬੰਧਿਤ ਵਿਧਾਇਕ, ਸੀਵਰੇਜ ਵਿਭਾਗ ਅੇ ਨਗਰ ਕੌਂਸਲ ਕੋਲ ਬਹੁਤ ਵਾਰ ਪਹੁੰਚ ਕੀਤੀ ਹੈ ਪਰ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਸਕਿਆ | ਇਸੇ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਜਦਕਿ ਸੀਵਰੇਜ ਬੋਰਡ ਦੇ ਐੱਸ.ਡੀ.ਓ. ਵਿਵੇਕ ਗੁਪਤਾ ਨੇ ਇਸ ਨੂੰ ਟੈਕਨੀਕਲ ਨੁਕਸ ਦੱਸਦਿਆਂ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ |