ਨੰਗਲ, 7 ਮਈ (ਪ੍ਰੀਤਮ ਸਿੰਘ ਬਰਾਰੀ)-ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ, ਨੰਗਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅਕਾਦਮਿਕ ਖੇਤਰ ਵਿਚ ਲਗਾਤਾਰ ਮੱਲ੍ਹਾਂ ਮਾਰ ਰਿਹਾ ਹੈ | ਸੰਸਥਾ ਦੇ ਪਿ੍ੰਸੀਪਲ ਡਾ. ਜਗਦੀਪ ਸਿੰਘ ਦੁਆ ਨੂੰ ਫਾਰਮਾਸਿਊਟੀਕਲ ਸਿੱਖਿਆ ਤੇ ਅਕਾਦਮਿਕ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਆਈ.ਕੇ.ਜੀ.ਪੀ.ਟੀ.ਯੂ. ਜਲੰਧਰ ਦੇ ਬੋਰਡ ਆਫ਼ ਸਟੱਡੀਜ਼ ਅੰਡਰ-ਗ੍ਰੈਜੂਏਟ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪੰਜਾਬ ਵਿਚ ਆਉਣ ਵਾਲੇ ਹਫ਼ਤੇ ਤੋਂ ਪੀ.ਸੀ.ਆਈ. ਦਾ ਨਵਾਂ ਸਿਲੇਬਸ ਲਾਗੂ ਕਰ ਦਿੱਤਾ ਜਾਵੇਗਾ | ਇਸ ਨਾਲ ਵਿਦਿਆਰਥੀਆਂ ਵਿਚ ਹੁਨਰ-ਅਧਾਰਤ ਸਿੱਖਿਆ, ਖੋਜ ਪ੍ਰਵਿਰਤੀ ਤੇ ਉਦਯੋਗ-ਕੇਂਦਿ੍ਤ ਸਿਖਲਾਈ ਨੂੰ ਉਤਸ਼ਾਹਿਤ ਕਰ ਕੇ ਫਾਰਮੇਸੀ ਸਿੱਖਿਆ ਨੂੰ ਹੋਰ ਮਜ਼ਬੂਤੀ ਮਿਲੇਗੀ | ਸੰਸਥਾ ਦੀਆਂ ਪ੍ਰਾਪਤੀਆਂ 'ਚ ਇੱਕ ਹੋਰ ਅਧਿਆਇ ਜੋੜਦਿਆਂ, ਡਾ. ਰਾਜੇਸ਼ ਕੁਮਾਰ ਸਿੰਘ ਨੂੰ ਅੰਤਰਰਾਸ਼ਟਰੀ ਪੀਅਰ ਰਿਵਿਊ ਤੇ ਵਿਗਿਆਨਕ ਖੋਜ ਵਿਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਰੋਇਲ ਸੋਸਾਇਟੀ ਆਫ਼ ਕੈਮਿਸਟਰੀ ਯੂਨਾਈਟਿਡ ਕਿੰਗਡਮ ਵੱਲੋਂ 'ਆਊਟ ਸਟੈਂਡਿੰਗ ਪੀਅਰ ਰਿਵਿਊਅਰ 2025' ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ | ਇਹ ਮਾਨਤਾ ਸਖ਼ਤ ਮੁਲਾਂਕਣ ਮਾਪਦੰਡਾਂ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ ਜਿਸ ਵਿਚ ਰਿਵਿਊ ਟਿੱਪਣੀਆਂ ਦੀ ਗੁਣਵੱਤਾ, ਵਿਗਿਆਨਕ ਡੂੰਘਾਈ, ਆਲੋਚਨਾਤਮਿਕ ਵਿਸ਼ਲੇਸ਼ਣ, ਰਚਨਾਤਮਿਕ ਸੁਝਾਅ ਤੇ ਸਮੇਂ ਸਿਰ ਕੰਮ ਨੂੰ ਪੂਰਾ ਕਰਨਾ ਸ਼ਾਮਲ ਹੈ | ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੂੰ ਯੂਨਾਈਟਿਡ ਕਿੰਗਡਮ, ਅਮਰੀਕਾ, ਚੀਨ, ਇਟਲੀ ਤੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਚੋਣਵੇਂ ਰਿਵਿਊਅਰਾਂ ਦੇ ਸਮੂਹ ਵਿਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਹੈ |