ਸੰਤੋਖਗੜ੍ਹ/ਸੁਖਸਾਲ, 26 ਮਾਰਚ (ਧਰਮ ਪਾਲ)-ਊਨਾਂ ਸ਼ਹਿਰ ਨੂੰ ਵਸਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸਾਹਿਬ ਸਿੰਘ ਬੇਦੀ ਦਾ ਸਾਲਾਨਾ ਤਿੰਨ ਦਿਨਾਂ ਜਨਮ ਉਤਸਵ ਸਮਾਗਮ ਅੱਜ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ | ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਗਈ ਅਤੇ ਧਾਰਮਿਕ ਮਾਹੌਲ ਵਿਚ ਕੀਰਤਨ ਅਤੇ ਅਰਦਾਸ ਦਾ ਆਯੋਜਨ ਕੀਤਾ ਗਿਆ | ਸਮਾਗਮ ਦੌਰਾਨ ਸੰਤ ਮਹਾਂਪੁਰਸ਼ਾਂ ਨੇ ਹਾਜ਼ਰੀ ਭਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ 'ਤੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ੍ਰੀ ਮੁਕੇਸ਼ ਅਗਨੀਹੋਤਰੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮਾਗਮ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਾਨੂੰ ਆਪਣੀ ਵਿਰਾਸਤ ਨਾਲ ਜੋੜਦੇ ਹਨ ਅਤੇ ਸਮਾਜ ਵਿਚ ਭਾਈਚਾਰੇ ਅਤੇ ਸਾਂਝੀਵਾਲਤਾ ਦਾ ਸੰਦੇਸ਼ ਫੈਲਾਉਂਦੇ ਹਨ | ਤਿੰਨ ਦਿਨਾਂ ਚੱਲਣ ਵਾਲੇ ਇਸ ਸਮਾਗਮ ਦੌਰਾਨ ਲੰਗਰ ਦੀ ਵੀ ਵਿਵਸਥਾ ਕੀਤੀ ਗਈ, ਜਿੱਥੇ ਸੰਗਤਾਂ ਬੜੀ ਭਗਤੀ ਨਾਲ ਸੇਵਾ ਨਿਭਾ ਰਹੇ ਹਨ | ਇਹ ਸਲਾਨਾ ਜਨ ਉਤਸਵ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗਾ, ਜਿਸ ਦੌਰਾਨ ਵੱਖ-ਵੱਖ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ | ਇਸ ਮੌਕੇ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਅਮਰਜੋਤ ਸਿੰਘ ਬੇਦੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ