ਐੱਸ. ਏ. ਐੱਸ. ਨਗਰ, 20 ਅਗਸਤ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਪੰਥਕ ਆਗੂ ਅਤੇ ਵਾ. ਨੰ. 10 ਤੋਂ ਆਜ਼ਾਦ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਨੇ ਆਜ਼ਾਦੀ ਤੋਂ ਬਾਅਦ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋਣ ਉਪਰੰਤ ਪੰਜਾਬੀਆਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਸੀ, ਜਿਸ ਨਾਲ ਪੰਜਾਬ ਅੰਦਰ ਇਨਸਾਫ਼ ਲੈਣ ਲਈ ਸੰਘਰਸ਼ ਦਾ ਦੌਰ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਵਲੋਂ ਪੰਜਾਬੀ ਨਾਲ ਪੈਰ-ਪੈਰ ‘ਤੇ ਕੀਤੀ ਜਾਣ ਵਾਲੀ ਬੇਇਨਸਾਫ਼ੀ ਨੇ ਪੰਜਾਬੀਆਂ ਦਾ ਰੋਸ ਚਰਮ ਸੀਮਾ ‘ਤੇ ਪਹੁੰਚਾ ਦਿੱਤਾ, ਜਿਸ ਨੂੰ ਦਬਾਉਣ ਲਈ ਕੇਂਦਰ ਦੀ ਕਾਂਗਰਸ ਸਰਕਾਰ ਨੇ ਆਪਣੀਆਂ ਏਜੰਸੀਆਂ ਰਾਹੀਂ ਮਾਹੌਲ ਨੂੰ ਫਿਰਕੂ ਰੰਗਤ ਦਿਵਾਈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਹਿੰਦੂ-ਸਿੱਖ ਆਮ ਨਾਗਰਿਕਾਂ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਜਾਨਾਂ ਗਈਆਂ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਦੀਆਂ ਬੇਇਨਸਾਫ਼ੀਆਂ ਨੇ ਦੇਸ਼ ਦੇ ਸਭ ਤੋਂ ਖੁਸ਼ਹਾਲ ਅਤੇ ਹੱਸਦੇ ਵਸਦੇ ਸੂਬੇ ਪੰਜਾਬ ਨੂੰ ਤਬਾਹੀ ਦੇ ਰਾਹ ‘ ਤੇ ਤੋਰਿਆ, ਜਿਸ ਨਾਲ ਪੰਜਾਬ ਦੇ ਅਰਥਚਾਰੇ ਨੂੰ ਵੱਡਾ ਨੁਕਸਾਨ ਹੋਇਆ ਅਤੇ ਇਸੇ ਕਾਰਨ ਪੰਜਾਬ ਕਰਜਾਈ ਹੋਣਾ ਸ਼ੁਰੂ ਹੋ ਗਿਆ।