ਸਮਗੌਲੀ ਸੋਲਿਡ ਵੇਸਟ ਪਲਾਂਟ ਪਿਛਲੀਆਂ ਤੇ ਮੌਜੂਦਾ ਸਰਕਾਰਾਂ ਦੀ ਨਾਕਾਮੀ ਦਾ ਨਤੀਜਾ-ਸੈਣੀ
ਕਿਹਾ, ਬਾਹਰੀ ਸ਼ਹਿਰਾਂ ਦਾ ਕੂੜਾ ਕਿਸੇ ਵੀ ਕੀਮਤ ’ਤੇ ਡੇਰਾਬੱਸੀ ਹਲਕੇ ’ਚ ਨਹੀਂ ਆਉਣ ਦਿੱਤਾ ਜਾਵੇਗਾ
ਡੇਰਾਬੱਸੀ, 12 ਅਗਸਤ (ਰਣਬੀਰ ਸਿੰਘ ਪੜ੍ਹੀ)- ਸਮਗੌਲੀ ਵਿਖੇ ਪ੍ਰਸਤਾਵਿਤ ਸੋਲਿਡ ਵੇਸਟ ਇੰਟੀਗ੍ਰੇਟਿਡ ਮੈਨੇਜਮੈਂਟ ਪਲਾਂਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪਿਛਲੀਆਂ ਤੇ ਮੌਜੂਦਾ ਸਰਕਾਰਾਂ ਨੂੰ ਘੇਰਦਿਆਂ ਇਸ ਨੂੰ ਡੇਰਾਬੱਸੀ ਹਲਕੇ ਨਾਲ ਹੋ ਰਹੀ ਵੱਡੀ ਬੇਇਨਸਾਫ਼ੀ ਕਰਾਰ ਦਿੱਤਾ ਹੈ। ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਬਾਹਰੀ ਸ਼ਹਿਰਾਂ ਦਾ ਕੂੜਾ ਡੇਰਾਬੱਸੀ ਹਲਕੇ ‘ਚ ਕਿਸੇ ਵੀ ਕੀਮਤ ‘ਤੇ ਨਹੀਂ ਆਉਣ ਦਿੱਤਾ ਜਾਵੇਗਾ।
ਡੇਰਾਬੱਸੀ, 12 ਅਗਸਤ (ਰਣਬੀਰ ਸਿੰਘ ਪੜ੍ਹੀ)- ਸਮਗੌਲੀ ਵਿਖੇ ਪ੍ਰਸਤਾਵਿਤ ਸੋਲਿਡ ਵੇਸਟ ਇੰਟੀਗ੍ਰੇਟਿਡ ਮੈਨੇਜਮੈਂਟ ਪਲਾਂਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪਿਛਲੀਆਂ ਤੇ ਮੌਜੂਦਾ ਸਰਕਾਰਾਂ ਨੂੰ ਘੇਰਦਿਆਂ ਇਸ ਨੂੰ ਡੇਰਾਬੱਸੀ ਹਲਕੇ ਨਾਲ ਹੋ ਰਹੀ ਵੱਡੀ ਬੇਇਨਸਾਫ਼ੀ ਕਰਾਰ ਦਿੱਤਾ ਹੈ। ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਬਾਹਰੀ ਸ਼ਹਿਰਾਂ ਦਾ ਕੂੜਾ ਡੇਰਾਬੱਸੀ ਹਲਕੇ ‘ਚ ਕਿਸੇ ਵੀ ਕੀਮਤ ‘ਤੇ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਗੌਲੀ ਵਿਖੇ ਕਰੀਬ 50 ਏਕੜ ਜ਼ਮੀਨ ‘ਤੇ ਤਿੰਨ ਦਰਜਨ ਦੇ ਕਰੀਬ ਨਗਰ ਕੌਂਸਲਾਂ ਦਾ ਕੂੜਾ ਲਿਆ ਕੇ ਉਸ ਦੀ ਪ੍ਰੋਸੈਸਿੰਗ ਅਤੇ ਬਿਜਲੀ ਪੈਦਾ ਕਰਨ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਸਾਲ 2012 ‘ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਦੌਰਾਨ ਪਾਸ ਹੋਇਆ ਸੀ, ਜਦਕਿ ਕਾਂਗਰਸ ਸਰਕਾਰ ਸਮੇਂ ਕਰੀਬ 39 ਏਕੜ ਜ਼ਮੀਨ ਨਗਰ ਨਿਗਮ ਮੁਹਾਲੀ ਦੇ ਨਾਂਅ ‘ਤੇ ਤਬਦੀਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਮਨਜ਼ੂਰੀਆਂ ਮਿਲਦੀਆਂ ਰਹੀਆਂ। ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਪ੍ਰਾਜੈਕਟ ਅੱਗੇ ਵਧ ਰਿਹਾ ਸੀ ਤਾਂ ਉਸ ਸਮੇਂ ਕਿਸੇ ਵੀ ਸਰਕਾਰ ਜਾਂ ਸਥਾਨਕ ਨੁਮਾਇੰਦੇ ਨੇ ਪ੍ਰਭਾਵਸ਼ਾਲੀ ਢੰਗ ਨਾਲ ਇਸ ਦਾ ਵਿਰੋਧ ਨਹੀਂ ਕੀਤਾ ਅਤੇ ਹੁਣ ਜਦੋਂ ਪ੍ਰਾਜੈਕਟ ਮੁਕੰਮਲ ਹੋਣ ਵੱਲ ਵਧ ਰਿਹਾ ਹੈ ਤਾਂ ਇਸ ਦਾ ਵਿਰੋਧ ਕਰਨ ਦੇ ਦਾਅਵੇ ਕਰਨਾ ਸਿਰਫ਼ ‘ਮਗਰਮੱਛ ਦੇ ਹੰਝੂ ਵਹਾਉਣ’ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ‘ਚ ਪਹਿਲਾਂ ਹੀ ਖ਼ਤਰਨਾਕ ਉਦਯੋਗਿਕ ਕਚਰੇ ਨਾਲ ਸੰਬੰਧਿਤ ਪਲਾਂਟ, ਮੀਟ ਪਲਾਂਟ ਤੇ ਵੱਡੀ ਗਿਣਤੀ ‘ਚ ਪੋਲਟਰੀ ਫਾਰਮ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ), ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਬਾਹਰੀ ਸ਼ਹਿਰਾਂ ਦੇ ਕੂੜੇ ਨਾਲ ਸੰਬੰਧਿਤ ਇਹ ਪ੍ਰਾਜੈਕਟ ਡੇਰਾਬੱਸੀ ‘ਚ ਕਿਉਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਲਕੇ ਦੇ ਲੋਕਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤਾਂ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਹੋਣ ਦੇਵੇਗੀ ਅਤੇ ਡੇਰਾਬੱਸੀ ਨੂੰ ‘ਡੰਪਿੰਗ ਗਰਾਊਂਡ’ ਬਣਾਉਣ ਦੀ ਕੋਸ਼ਿਸ਼ ਦਾ ਡਟਵਾਂ ਵਿਰੋਧ ਕਰੇਗੀ।