ਐੱਸ. ਏ. ਐੱਸ. ਨਗਰ, 7 ਮਈ (ਤਰਵਿੰਦਰ ਸਿੰਘ ਬੈਨੀਪਾਲ)-ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ ਪਿਛਲੇ 3 ਸਾਲਾਂ ਤੋਂ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਦਿੱਲੀ ਵਿਖੇ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਆਗੂਆਂ ਨੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ | ਇਸ ਮੌਕੇ ਬਲਜੀਤ ਸਿੰਘ ਭਾਊ ਤੇ ਬਲਵਿੰਦਰ ਸਿੰਘ ਕਾਲਾ ਦੀ ਅਗਵਾਈ 'ਚ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਰਗਾੜੀ ਕਾਂਡ ਦੇ ਦੋਸ਼ੀ ਆਗੂਆਂ ਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਆਦਿ ਮੰਗਾਂ ਲਈ ਪਿਛਲੇ 3 ਸਾਲਾਂ ਤੋਂ ਚੱਲ ਰਹੇ ਸੰਘਰਸ਼ ਤਹਿਤ ਦਿੱਲੀ ਵਿਖੇ ਕਾਲੇ ਚੋਲ੍ਹੇ ਪਾ ਕੇ 101 ਮੈਂਬਰਾਂ ਦਾ ਇਕ ਜਥਾ ਬਾਪੂ ਗੁਰਚਰਨ ਸਿੰਘ ਤੇ ਭਾਈ ਪਾਲ ਸਿੰਘ ਫਰਾਂਸ ਦੀ ਅਗਵਾਈ 'ਚ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਲਈ ਗਿਆ ਸੀ, ਪਰ ਸ਼ਾਂਤਮਈ ਤੌਰ 'ਤੇ ਆਪਣੀ ਮੰਗ ਲੈ ਕੇ ਜਾ ਰਹੇ ਜਥੇ ਨੂੰ ਦਿੱਲੀ ਪੁਲਿਸ ਗਿ੍ਫ਼ਤਾਰ ਕਰਕੇ ਥਾਣੇ ਲੈ ਗਈ | ਆਗੂਆਂ ਨੇ ਕਿਹਾ ਕਿ ਜਿਥੇ ਆਪਣੇ ਹੱਕ ਦੀ ਗੱਲ ਕਰਨ ਤੋਂ ਰੋਕ ਕੇ ਦਿੱਲੀ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਤਾਨਾਸ਼ਾਹੀ ਦਿਖਾਈ ਹੈ, ਉਥੇ ਹੀ ਜੇਕਰ ਇਨ੍ਹਾਂ ਆਗੂਆਂ ਤੇ ਮੈਂਬਰਾਂ ਨੂੰ ਜਲਦ ਰਿਹਾਅ ਨਾ ਕੀਤਾ ਗਿਆ ਤਾਂ ਮੋਰਚਾ ਹੋਰਨਾਂ ਜਥੇਬੰਦੀਆਂ ਸਮੇਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਵੇਗਾ | ਇਸ ਮੌਕੇ ਪਾਲ ਸਿੰਘ ਘੜੂੰਆਂ, ਬਲਜਿੰਦਰ ਸਿੰਘ ਗੁੱਡੂ, ਭਗਤ ਸਿੰਘ ਭਗਤਮਾਜਰਾ, ਪਵਨਦੀਪ ਸਿੰਘ, ਲੋਕ ਹਿੱਤ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ ਤੇ ਰਵਿੰਦਰ ਸਿੰਘ ਵਜੀਦਪੁਰ ਆਦਿ ਆਗੂ ਵੀ ਹਾਜ਼ਰ ਸਨ |