ਦਿਆਨੰਦ ਹਸਪਤਾਲ ਨੇ ਜਾਗਰੂਕਤਾ ਵਾਕਾਥਾਨ ਕਰਵਾਈ
ਲੁਧਿਆਣਾ, 15 ਨਵੰਬਰ (ਡਾ. ਤਰਲੋਚਨ ਸਿੰਘ)- ਦਿਆਨੰਦ ਹਸਪਤਾਲ ਵਲੋਂ ਨੈਸ਼ਨਲ ਨਿਓਨੇਟੋਲੋਜੀ ਫੋਰਮ, ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਭਾਗ ਅਤੇ ਪ੍ਰੋਜੈਕਟ ਰੌਸ਼ਨੀ ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਜਾਗਰੂਕਤਾ ਵਾਕਾਥਾਨ ਕਰਵਾਈ ਗਈ।
ਲੁਧਿਆਣਾ, 15 ਨਵੰਬਰ (ਡਾ. ਤਰਲੋਚਨ ਸਿੰਘ)- ਦਿਆਨੰਦ ਹਸਪਤਾਲ ਵਲੋਂ ਨੈਸ਼ਨਲ ਨਿਓਨੇਟੋਲੋਜੀ ਫੋਰਮ, ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਭਾਗ ਅਤੇ ਪ੍ਰੋਜੈਕਟ ਰੌਸ਼ਨੀ ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਜਾਗਰੂਕਤਾ ਵਾਕਾਥਾਨ ਕਰਵਾਈ ਗਈ। ਇਸ ਦਾ ਉਦੇਸ਼ ਸਮੇਂ ਤੋਂ ਪਹਿਲਾਂ ਬੱਚਿਆਂ ਦੇ ਜਨਮ, ਸਿਹਤਮੰਦ ਗਰਭ ਅਵਸਥਾ ਦੀ ਮਹੱਤਤਾ, ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਅਤੇ ਰੈਟੀਨੋਪੈਥੀ ਆਫ ਪ੍ਰੀਮੈਚਿਊਰਿਟੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ਡਾ. ਬੀ.ਐੱਸ. ਢਿੱਲੋਂ, ਐਸ.ਡੀ.ਐਮ ਲੁਧਿਆਣਾ ਈਸਟ, ਰੁਪਿੰਦਰ ਭੱਟੀ, ਏ.ਡੀ.ਸੀ.ਪੀ, ਡਾ.ਹਰਵਿੰਦਰ ਸਿੰਘ ਧਾਲੀਵਾਲ, ਵਾਈਸ ਚਾਂਸਲਰ, ਪੀ.ਏ.ਯੂ ਅਤੇ ਮੁਕੇਸ਼ ਵਰਮਾ, ਖਜ਼ਾਨਚੀ ਮੈਨੇਜਿੰਗ ਸੋਸਾਇਟੀ, ਪ੍ਰਿੰਸੀਪਲ ਡਾ. ਜੀ.ਐੱਸ. ਵਾਂਡਰ, ਡਾ. ਬਿਸ਼ਵ ਮੋਹਨ, ਚੀਫ ਕਾਰਡੀਓਲੋਜਿਸਟ, ਡਾ. ਆਸ਼ਿਮਾ ਤਨੇਜਾ, ਡਾ. ਪ੍ਰਿਯੰਕਾ ਅਰੋੜਾ, ਡਾ. ਕਮਲ ਅਰੋੜਾ ਆਦਿ ਮੌਜੂਦ ਸਨ। ਵਾਕਾਥਾਨ ਦਾ ਮੁੱਖ ਉਦੇਸ਼ ਗਰਭ ਅਵਸਥਾ ਦੌਰਾਨ ਸਹੀ ਦੇਖਭਾਲ, ਨਿਯਮਤ ਜਾਂਚ ਅਤੇ ਉੱਚ-ਜੋਖਮ ਵਾਲੀ ਗਰਭ ਅਵਸਥਾ ਦੀ ਸਮੇਂ ਸਿਰ ਪਛਾਣ ਰਾਹੀਂ ਸਮੇਂ ਤੋਂ ਪਹਿਲਾਂ ਬੱਚਿਆਂ ਦੇ ਜਨਮ ਨੂੰ ਰੋਕਣ ਬਾਰੇ ਜਾਗਰੂਕਤਾ ਫੈਲਾਉਣਾ ਸੀ। ਆਪਣੇ ਸੰਦੇਸ਼ ਵਿਚ ਬਿਪਿਨ ਗੁਪਤਾ, ਸਕੱਤਰ ਮੈਨੇਜਿੰਗ ਸੋਸਾਇਟੀ ਨੇ ਇਸ ਜਾਗਰੂਕਤਾ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਜੀ.ਐੱਸ. ਵਾਂਡਰ ਨੇ ਹਸਪਤਾਲ ਵਿਚ ਉਪਲਬਧ ਆਧੁਨਿਕ ਨਵਜੰਮੇ ਬੱਚਿਆਂ ਦੀ ਦੇਖਭਾਲ ਸਹੂਲਤਾਂ, ਖਾਸ ਕਰਕੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ ਬਾਰੇ ਜਾਣਕਾਰੀ ਦਿੱਤੀ। ਡਾ. ਆਸ਼ਿਮਾ ਤਨੇਜਾ ਨੇ ਸਿਹਤਮੰਦ ਗਰਭ ਅਵਸਥਾ, ਨਿਯਮਤ ਗਰਭ ਜਾਂਚ ਅਤੇ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਦੀ ਮਹੱਤਤਾ ਬਾਰੇ ਦੱਸਿਆ। ਡਾ. ਪ੍ਰਿਯੰਕਾ ਅਰੋੜਾ, ਪ੍ਰੋਫੈਸਰ, ਨੇਤਰ ਵਿਭਾਗ ਨੇ ਆਰ.ਓ.ਪੀ ਦੀ ਜਲਦੀ ਜਾਂਚ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਦੱਸਿਆ। ਡਾ. ਕਮਲ ਅਰੋੜਾ, ਪ੍ਰੋਫੈਸਰ, ਬਾਲ ਰੋਗ ਵਿਭਾਗ ਨੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਲਈ ਵਿਸ਼ੇਸ਼ ਦੇਖਭਾਲ ਦੀ ਲੋੜ ‘ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਲੱਕੀ ਡਰਾਅ ਰਾਹੀਂ ਪੰਜ ਖੁਸ਼ਕਿਸਮਤ ਭਾਗੀਦਾਰਾਂ ਨੂੰ ਸਾਈਕਲਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਹਸਪਤਾਲ ਦੀ ‘ਸੇਵ ਦ ਪਲੈਨੇਟ’ ਮੁਹਿੰਮ ਤਹਿਤ ਹਰ ਭਾਗੀਦਾਰ ਨੂੰ ਪੌਦੇ ਵੀ ਵੰਡੇ ਗਏ। ਵਾਕਾਥਾਨ ਦੀ ਸਮਾਪਤੀ ਸਿਹਤਮੰਦ ਗਰਭ ਅਵਸਥਾ, ਸਮੇਂ ਤੋਂ ਪਹਿਲਾਂ ਜਨਮ ਦੀ ਰੋਕਥਾਮ ਅਤੇ ਆਰ.ਓ.ਪੀ ਦੀ ਸਮੇਂ ਸਿਰ ਜਾਂਚ ਬਾਰੇ ਜਾਗਰੂਕਤਾ ਦੇ ਸੰਦੇਸ਼ ਨਾਲ ਹੋਈ।