ਲੁਧਿਆਣਾ, 5 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਐਪਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਰਾਸ਼ਟਰੀ ਟੈਕਸਟਾਈਲ ਦਿਹਾੜਾ ਮਨਾਇਆ | ਇਹ ਦਿਹਾੜਾ ਮਨਾਉਣ ਦਾ ਮੰਤਵ ਭਾਰਤ ਦੀ ਅਮੀਰ ਵਸਤਰ ਪਰੰਪਰਾ ਬਾਰੇ ਜਾਗਰੂਕਤਾ ਦਾ ਪਸਾਰ ਕਰਨਾ ਸੀ | ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਰਵਾਇਤੀ ਪਹਿਰਾਵਿਆਂ ਦੀ ਝਲਕ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਇਸ ਸਮਾਰੋਹ 'ਚ ਵਸਤਰ ਕਲਾ ਅਤੇ ਕਢਾਈ ਬੁਣਾਈ ਦੇ ਤਰੀਕਿਆਂ ਬਾਰੇ ਵੀ ਦੱਸ ਪਾਈ ਗਈ ਸੀ | ਇਸ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਡਾ. ਗੋਸਲ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਵਿਸ਼ੇਸ਼ ਸਭਿਆਚਾਰ ਉੱਪਰ ਮਾਣ ਕਰਨਾ ਚਾਹੀਦਾ ਹੈ, ਜਿਸ ਨੇ ਖਾਣ ਪੀਣ ਅਤੇ ਪਹਿਰਾਵੇ ਦੀਆਂ ਬਹੁਤ ਸਾਰੀਆਂ ਵੰਨਗੀਆਂ ਅਤੇ ਰਵਾਇਤਾਂ ਇੱਥੋਂ ਦੀ ਲੋਕਾਈ ਨੂੰ ਦਿੱਤੀਆਂ | ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ ਅਤੇ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਖਾਸ ਤੌਰ 'ਤੇ ਮੌਜੂਦ ਰਹੇ | ਹਾਜ਼ਰ ਲੋਕਾਂ ਨੇ ਇਸ ਮੌਕੇ ਕੱਪੜਿਆਂ ਦੀ ਬਣਤਰ ਅਤੇ ਬੁਣਤਰ, ਤਕਨੀਕਾਂ, ਸ਼ਿਲਪਕਾਰੀ ਆਦਿ ਨੂੰ ਗਹੁ ਨਾਲ ਦੇਖਿਆ | ਵਿਭਾਗ ਦੇ ਮੁਖੀ ਡਾ. ਹਰਮਿੰਦਰ ਕੌਰ ਸੈਣੀ ਨੇ ਸਭ ਦਾ ਧੰਨਵਾਦ ਕਰਦਿਆਂ ਵਿਭਾਗ ਵਲੋਂ ਅਜਿਹੇ ਹੋਰ ਸਮਾਗਮ ਕਰਵਾਉਣ ਦਾ ਪ੍ਰਣ ਕੀਤਾ |