19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਖੰਨਾ ਵਿਚ ਆਈ. ਪੀ. ਐੱਲ. ਸੱਟੇਬਾਜ਼ੀ ਰੈਕਟ ਬੇਨਕਾਬ, 42 ਲੱਖ ਰੁਪਏ ਫਰੀਜ਼ <br/>

ਅਜੀਤ ਡੈਸਕ 21-04-2026
ਖੰਨਾ, 20 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਆਈ. ਪੀ. ਐੱਲ. ਸੱਟੇਬਾਜ਼ੀ ਦੇ ਇਕ ਵੱਡੇ ਸੰਗਠਿਤ ਤੇ ਅੰਤਰਰਾਸ਼ਟਰੀ ਰੈਕਟ ਦਾ ਖ਼ੁਲਾਸਾ ਹੋਇਆ ਹੈ, ਜਿਸ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ | ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਦੀ ਸਖ਼ਤ ਅਤੇ ਯੋਜਨਾਬੱਧ ਕਾਰਵਾਈ ਨਾਲ ਇਸ ਗ਼ੈਰਕਾਨੰੂਨੀ ਨੈੱਟਵਰਕ ਦੀਆਂ ਪਰਤਾਂ ਖੁਲਣੀਆਂ ਸ਼ੁਰੂ ਹੋ ਗਈਆਂ ਹਨ | 42 ਲੱਖ ਰੁਪਏ ਫਰੀਜ਼ ਕਰਨ ਤੋਂ ਬਾਅਦ ਹੁਣ ਮਾਮਲੇ ਵਿਚ ਈ. ਡੀ. ਦੀ ਐਂਟਰੀ ਲਗਪਗ ਤੈਅ ਮੰਨੀ ਜਾ ਰਹੀ ਹੈ, ਜਿਸ ਨਾਲ ਕਰੋੜਾਂ ਦੇ ਕਾਲੇ ਧਨ ਦਾ ਵੱਡਾ ਖ਼ੁਲਾਸਾ ਹੋ ਸਕਦਾ ਹੈ | ਖੰਨਾ ਪੁਲਿਸ ਨੇ ਆਈ. ਪੀ. ਐੱਲ. ਸੱਟੇਬਾਜ਼ੀ ਦੇ ਇਸ ਸੰਗਠਿਤ ਨੈੱਟਵਰਕ 'ਤੇ ਐਸੀ ਚੋਟ ਮਾਰੀ ਹੈ, ਜਿਸ ਨਾਲ ਗ਼ੈਰਕਾਨੰੂਨੀ ਧੰਦੇ ਨਾਲ ਜੁੜੇ ਲੋਕਾਂ ਵਿਚ ਹੜਕੰਪ ਮੱਚ ਗਿਆ ਹੈ | ਸ਼ੁਰੂਆਤੀ ਜਾਂਚ ਵਿਚ ਹੀ ਪੁਲਿਸ ਨੇ ਦੋਸ਼ੀਆਂ ਦੇ ਬੈਂਕ ਖਾਤਿਆਂ ਵਿਚ ਜਮਾਂ ਕਰੀਬ 42 ਲੱਖ ਰੁਪਏ ਫਰੀਜ਼ ਕਰਵਾ ਦਿੱਤੇ ਹਨ | ਇਹ ਰਕਮ ਸੱਟੇਬਾਜ਼ੀ ਰਾਹੀਂ ਕਮਾਈ ਗਈ ਮੰਨੀ ਜਾ ਰਹੀ ਹੈ ਅਤੇ ਹੁਣ ਇਸ ਦੇ ਲੈਣ-ਦੇਣ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਜਿਵੇਂ-ਜਿਵੇਂ ਜਾਂਚ ਅੱਗੇ ਵਧੀ ਮਾਮਲਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ | ਪੁਲਿਸ ਰਿਮਾਂਡ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਗਿਰੋਹ ਸਿਰਫ਼ ਸਥਾਨਕ ਪੱਧਰ ਤੱਕ ਸੀਮਤ ਨਹੀਂ ਸੀ, ਸਗੋਂ ਖੰਨਾ ਵਿਚ ਬੈਠ ਕੇ ਦੇਸ਼-ਵਿਦੇਸ਼ ਤੱਕ ਫੈਲਿਆ ਸੱਟੇਬਾਜ਼ੀ ਨੈੱਟਵਰਕ ਚਲਾ ਰਿਹਾ ਸੀ | ਮੋਬਾਈਲ ਫ਼ੋਨ, ਆਨਲਾਈਨ ਐਪ ਅਤੇ ਡਿਜ਼ਿਟਲ ਟਰਾਂਜ਼ੈਕਸ਼ਨ ਰਾਹੀਂ ਕਰੋੜਾਂ ਰੁਪਏ ਦੀ ਖੇਡ ਚਲਾਈ ਜਾ ਰਹੀ ਸੀ |
ਛਾਬੜਾ ਭਰਾਵਾਂ ਦਾ ਗਾਡ ਫਾਦਰ ਕੌਣ?
ਸ਼ਹਿਰ ਵਿਚ ਇਸ ਗੱਲ ਦੀ ਚਰਚਾ ਜ਼ੋਰਾਂ ਨਾਲ ਚੱਲ ਰਹੀ ਹੈ ਕਿ ਸੱਟਾ ਕਿੰਗ ਛਾਬੜਾ ਭਰਾਵਾਂ ਦਾ ਅਸਲ ਗਾਡ ਫਾਦਰ ਕੌਣ ਹੈ? ਇਹ ਗੱਲ ਵੀ ਪੁੱਛੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਕਿਸੇ ਰਾਜਨੀਤਕ ਹਸਤੀ ਦਾ ਹੱਥ ਵੀ ਹੈ ਕਿਉਂਕਿ ਇੰਨਾ ਵੱਡਾ ਰੈਕਟ ਚਲਾਉਣਾ ਬਿਨਾਂ ਰਾਜਨੀਤਕ ਸਰਪ੍ਰਸਤੀ ਦੇ ਸੰਭਵ ਨਹੀਂ ਜਾਪਦਾ | ਚਰਚਾ ਹੈ ਕਿ ਪੁਲਿਸ ਇਸ ਐਂਗਲ 'ਤੇ ਵੀ ਕੰਮ ਕਰ ਰਹੀ ਹੈ | ਇਸ ਹਾਈ-ਪ੍ਰੋਫਾਈਲ ਕੇਸ ਵਿਚ ਪੁਲਿਸ ਨੇ ਮੁੱਖ ਦੋਸ਼ੀ ਅਤੇ ਕਥਿਤ ਸੱਟਾ ਕਿੰਗ ਦਿਨੇਸ਼ ਛਾਬੜਾ ਵਾਸੀ ਬਸੰਤ ਨਗਰ ਖੰਨਾ ਨੂੰ ਗਿ੍ਫ਼ਤਾਰ ਕੀਤਾ ਹੈ | ਉਸ ਦੇ ਨਾਲ ਉਸ ਦਾ ਭਰਾ ਕਰਨ ਛਾਬੜਾ ਅਤੇ ਹੋਰ ਦੋ ਸਾਥੀ ਮਹਿੰਦਰ ਸਿੰਘ ਰਾਜਾ ਅਤੇ ਨਰੇਸ਼ ਕੁਮਾਰ ਬੰਟੀ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ | ਪੁੱਛਗਿੱਛ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਕਈ ਅਹਿਮ ਖ਼ੁਲਾਸੇ ਕੀਤੇ ਹਨ, ਜਿਸ ਨਾਲ ਜਾਂਚ ਏਜੰਸੀਆਂ ਨੂੰ ਅੱਗੇ ਵਧਣ ਵਿਚ ਮਦਦ ਮਿਲ ਰਹੀ ਹੈ | ਵਰਨਣਯੋਗ ਹੈ ਕਿ 12 ਅਪ੍ਰੈਲ ਨੂੰ ਸਾਈਬਰ ਥਾਣਾ ਪੁਲਿਸ ਨੇ ਇਸ ਰੈਕਟ ਦਾ ਪਰਦਾਫਾਸ਼ ਕਰਦੇ ਹੋਏ ਮੌਕੇ ਤੋਂ 44 ਹਜ਼ਾਰ ਰੁਪਏ ਨਕਦ, 11 ਮੋਬਾਈਲ ਫ਼ੋਨ ਤੇ ਇਕ ਲੈਪਟਾਪ ਬਰਾਮਦ ਕੀਤਾ ਸੀ | ਇਹ ਸਾਰੇ ਉਪਕਰਨ ਸੱਟੇਬਾਜ਼ੀ ਨੈੱਟਵਰਕ ਚਲਾਉਣ ਲਈ ਵਰਤੇ ਜਾ ਰਹੇ ਸਨ | ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਲੋਕਾਂ ਨੂੰ ਵੱਡੇ ਮੁਨਾਫ਼ੇ ਦਾ ਲਾਲਚ ਦੇ ਕੇ ਆਨਲਾਈਨ ਸੱਟੇ ਵਿੱਚ ਫਸਾਉਂਦੇ ਸਨ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਆਰਥਿਕ ਜਾਲ ਵਿਚ ਫਸਾ ਲੈਂਦੇ ਸਨ | ਖੰਨਾ ਪੁਲਿਸ ਵਲੋਂ ਹੁਣ ਤੱਕ ਇਕੱਠੇ ਕੀਤੇ ਸਬੂਤ ਈ. ਡੀ. ਨੂੰ ਭੇਜੇ ਜਾ ਚੁੱਕੇ ਹਨ | ਇਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਈ. ਡੀ. ਦੀ ਟੀਮ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਸਕਦੀ ਹੈ | ਇਸ ਦੌਰਾਨ ਦੋਸ਼ੀਆਂ ਦੀ ਚੱਲ-ਅਚੱਲ ਜਾਇਦਾਦ, ਬੈਂਕ ਖਾਤੇ, ਸ਼ੱਕੀ ਲੈਣ-ਦੇਣ ਅਤੇ ਵਿਦੇਸ਼ੀ ਕਨੈੱਕਸ਼ਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ | ਜੇਕਰ ਜਾਂਚ ਵਿਚ ਇਹ ਸਾਬਤ ਹੋ ਜਾਂਦਾ ਹੈ ਕਿ ਸੱਟੇਬਾਜ਼ੀ ਰਾਹੀਂ ਕਮਾਈ ਰਕਮ ਨੂੰ ਲੁਕਾਉਣ ਜਾਂ ਕਾਨੂੰਨੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਦੋਸ਼ੀਆਂ 'ਤੇ ਮਨੀ ਲਾਂਡਰਿੰਗ ਦੇ ਤਹਿਤ ਸਖ਼ਤ ਕਾਰਵਾਈ ਹੋ ਸਕਦੀ ਹੈ | ਇਸ ਹਾਲਤ ਵਿਚ ਕਰੋੜਾਂ ਦੀ ਜਾਇਦਾਦ ਜ਼ਬਤ ਹੋ ਸਕਦੀ ਹੈ ਅਤੇ ਕੇਸ ਰਾਸ਼ਟਰੀ ਪੱਧਰ ਦਾ ਵੱਡਾ ਮਾਮਲਾ ਬਣ ਸਕਦਾ ਹੈ | ਖੰਨਾ ਪੁਲਿਸ ਦੀ ਇਸ ਕਾਰਵਾਈ ਨੂੰ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ | ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਵਿਚ ਪੁਲਿਸ ਨੇ ਜਿਸ ਤਰੀਕੇ ਨਾਲ ਇਸ ਸੰਗਠਿਤ ਅਪਰਾਧ 'ਤੇ ਕਾਰਵਾਈ ਕੀਤੀ ਹੈ, ਉਸ ਨਾਲ ਸਾਫ਼ ਹੋ ਗਿਆ ਹੈ ਕਿ ਪੁਲਿਸ ਹਾਈਟੈੱਕ ਕ੍ਰਾਈਮ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ | ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਹੋਰ ਵੀ ਵੱਡੇ ਨਾਂਅ ਸਾਹਮਣੇ ਆ ਸਕਦੇ ਹਨ | ਜਾਂਚ ਏਜੰਸੀਆਂ ਹੁਣ ਇਸ ਨੈੱਟਵਰਕ ਨਾਲ ਜੁੜੇ ਫਾਇਨੈਂਸਰਾਂ, ਟੈਕਨੀਕਲ ਸਹਿਯੋਗੀਆਂ ਤੇ ਹੋਰ ਲੋਕਾਂ ਦੀ ਭਾਲ ਵਿਚ ਜੁੱਟੀਆਂ ਹੋਈਆਂ ਹਨ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੀ ਸੂਬਾ ਪੱਧਰੀ ਮੀਟਿੰਗ ਕੱਲ੍ਹ <br/> ਅਗਲੀ ਖ਼ਬਰ ਅਕਾਲੀ ਦਲ ਦੇ ਆਗੂ ਸੋਖੀ ਨੇ ਦਾਣਾ ਮੰਡੀ ਦਾ ਕੀਤਾ ਦੌਰਾ, ਸੁਣੀਆ ਸਮੱਸਿਆਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।