17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਿਵਲ ਹਸਪਤਾਲ 'ਚ ਐਂਬੂਲੈਂਸ ਕਰਮਚਾਰੀਆਂ ਨੇ ਪ੍ਰਬੰਧਕਾਂ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਖੋਲਿ੍ਹਆ ਮੋਰਚਾ <br/>

ਅਜੀਤ ਡੈਸਕ 30-01-2026
ਲੁਧਿਆਣਾ, 29 ਜਨਵਰੀ (ਡਾ. ਤਰਲੋਚਨ ਸਿੰਘ)-ਸਿਵਲ ਹਸਪਤਾਲ ਵਿਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਐਮਰਜੈਂਸੀ ਦੇ ਬਾਹਰ ਨਾਜਾਇਜ਼ ਪਾਰਕਿੰਗ ਤੋਂ ਨਾਰਾਜ਼ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਹਸਪਤਾਲ ਪ੍ਰਬੰਧਕਾਂ ਤੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ | ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਪ੍ਰਾਈਵੇਟ ਗੱਡੀਆਂ ਤੇ ਪੁਲਿਸ ਦੇ ਵਾਹਨਾਂ ਦਾ ਇਸ ਕਦਰ ਜਮਾਵੜਾ ਲੱਗਾ ਰਹਿੰਦਾ ਹੈ ਕਿ ਐਂਬੂਲੈਂਸ ਅੰਦਰ ਲੰਘਾਉਣੀ ਵੀ ਮੁਸ਼ਕਿਲ ਹੋ ਜਾਂਦੀ ਹੈ | ਕਰਮਚਾਰੀਆਂ ਨੇ ਲਗਭਗ ਇਕ ਘੰਟਾ ਹਸਪਤਾਲ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟ 'ਤੇ ਐਂਬੂਲੈਂਸਾਂ ਖੜੀਆਂ ਕਰਕੇ ਰਸਤਾ ਪੂਰੀ ਤਰਾਂ ਬੰਦ ਕਰ ਦਿੱਤਾ | ਕਰਮਚਾਰੀਆਂ ਨੇ ਆਪਣਾ ਦੁੱਖ ਬਿਆਨ ਕਰਦਿਆਂ ਕਿਹਾ ਕਿ ਉਹ ਫੀਲਡ ਤੋਂ ਮਰੀਜ਼ ਨੂੰ ਤਾਂ ਸਮੇਂ 'ਤੇ ਰੈਸਕਿਊ ਕਰ ਲੈਂਦੇ ਹਨ, ਪਰ ਅਸਲੀ ਸੰਘਰਸ਼ ਸਿਵਲ ਹਸਪਤਾਲ ਪਹੁੰਚਦੇ ਹੀ ਸ਼ੁਰੂ ਹੋ ਜਾਂਦਾ ਹੈ | ਐਮਰਜੈਂਸੀ ਦੇ ਗੇਟ 'ਤੇ ਖੜੀਆਂ ਗੱਡੀਆਂ ਦੇ ਕਾਰਨ ਐਂਬੂਲੈਂਸ ਜਾਮ ਵਿਚ ਫਸ ਜਾਂਦੀ ਹੈ | ਕਰਮਚਾਰੀਆਂ ਦਾ ਦੋਸ਼ ਹੈ ਕਿ ਕਈ ਵਾਰ ਗੰਭੀਰ ਮਰੀਜ਼ਾਂ ਨੇ ਸਿਰਫ਼ ਇਸ ਕਰਕੇ ਦਮ ਤੋੜ ਦਿੱਤਾ, ਕਿਉਂਕਿ ਉਨ੍ਹਾਂ ਨੂੰ ਸਮੇਂ 'ਤੇ ਐਂਬੂਲੈਂਸ ਤੋਂ ਉਤਾਰ ਕੇ ਸਟਰੈਚਰ ਤੱਕ ਨਹੀਂ ਪਹੁੰਚਾਇਆ ਜਾ ਸਕਿਆ | ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਗੱਡੀਆਂ ਰੋਂਗ ਸਾਈਡ ਅਤੇ ਜਿੱਥੇ ਵੀ ਦਿਲ ਕਰਦਾ ਹੈ, ਉੱਥੇ ਹੀ ਖੜੀਆਂ ਕਰ ਜਾਂਦੇ ਹਨ | ਅਸੀਂ ਇਸ ਸਬੰਧੀ ਕਈ ਵਾਰ ਸ਼ਿਕਾਇਤ ਕੀਤੀ ਹੈ, ਪਰ ਕੋਈ ਹੱਲ ਨਹੀਂ ਹੋਇਆ, ਮਜਬੂਰਨ ਸਾਨੂੰ ਅੱਜ ਰਸਤਾ ਬੰਦ ਕਰਕੇ ਰੋਸ ਪ੍ਰਗਟਾਉਣਾ ਪਿਆ | ਉਨ੍ਹਾਂ ਕਿਹਾ ਕਿ ਪ੍ਰਾਈਵੇਟ ਵਾਹਨਾਂ ਦੇ ਨਾਲ-ਨਾਲ ਪੁਲਿਸ ਦੀਆਂ ਗੱਡੀਆਂ ਵੀ ਨੋ ਪਾਰਕਿੰਗ ਜ਼ੋਨ ਵਿਚ ਖੜੀਆਂ ਰਹਿੰਦੀਆਂ ਹਨ | ਹਸਪਤਾਲ ਅੰਦਰ ਟਰੈਫ਼ਿਕ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਲਗਾਤਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਹੁਣ ਤੱਕ ਟਰੈਫ਼ਿਕ ਵਿਵਸਥਾ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ | ਜਦੋਂ ਇਸ ਸਬੰਧੀ ਐਸ.ਐਮ.ਓ. ਡਾ. ਅਖਿਲ ਸਰੀਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਹ ਸਥਿਤੀ ਸੁਧਾਰਨ ਲਈ ਗੰਭੀਰ ਹਨ | ਉਨ੍ਹਾਂ ਕਿਹਾ ਕਿ ਹਸਪਤਾਲ ਦੇ ਅੰਦਰ ਵਿਸ਼ੇਸ਼ ਨੋ ਪਾਰਕਿੰਗ ਬੋਰਡ ਬਣਵਾ ਲਏ ਗਏ ਹਨ, ਜਿਨ੍ਹਾਂ ਨੂੰ ਜਲਦੀ ਹੀ ਹਰ ਜਗ੍ਹਾ ਲਗਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ 108 ਐਂਬੂਲੈਂਸ ਦੇ ਲਈ ਇਕ ਸਥਿਰ ਪਾਰਕਿੰਗ ਏਰੀਆ ਤੈਅ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਮਰੀਜ਼ ਲਿਆਉਣ ਤੇ ਲਿਜਾਉਣ ਵਿਚ ਕੋਈ ਦਿੱਕਤ ਨਾ ਆਵੇ |

ਪਿਛਲੀ ਖ਼ਬਰ ਗਣਤੰਤਰ ਦਿਵਸ ਕੈਂਪ ਵਿਚ ਵੈਟਰਨਰੀ ਯੂਨੀਵਰਸਿਟੀ ਦੇ ਐਨ ਸੀ ਸੀ ਕੈਡਿਟਸ ਚਮਕੇ <br/> ਅਗਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।