ਪੱਟੀ, 19 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਵਲੋਂ ਵਰਕਸ਼ਾਪ ਚੌਂਕ ਪੱਟੀ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਅਧਿਆਪਕ ਅਤੇ ਕਰਮਚਾਰੀਆਂ ਵਲੋਂ ਰੋਸ ਮੁਜਾਹਰਾ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ, ਅਧਿਆਪਕ ਆਗੂ ਜ਼ਿਲ੍ਹਾ ਕੋ ਕਨਵੀਨਰ ਸੁਖਦੇਵ ਰਾਜ ਸ਼ਰਮਾ, ਜੋਗਾ ਸਿੰਘ, ਸਤਨਾਮ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਨੂੰ ਲਾਗੂ ਕਰਨ ਵਿਚ ਨਾਕਾਮ ਰਹੀ ਹੈ, ਜਿਹੜਾ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਇਕ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਸ ਨੂੰ ਚਾਰ ਸਾਲ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਲਾਗੂ ਨਹੀਂ ਕਰ ਸਕੀ | ਇਸ ਰੋਸ ਵਜੋਂ ਆਗੂਆਂ ਨੇ ਐਲਾਨ ਕੀਤਾ ਕਿ ਹੁਣ ਸਰਕਾਰ ਦੀ ਲਗਾਤਾਰ ਚਾਰ ਸਾਲਾਂ ਤੋਂ ਪੈਨਸ਼ਨ ਬਹਾਲੀ ਲਈ ਧਾਰੀ ਸਾਜਿਸ਼ੀ ਚੁੱਪੀ ਵਿਰੁੱਧ ਜਬਰਦਸਤ ਰੋਹ ਭੜਕ ਗਿਆ ਹੈ, ਜਿਸ ਦੇ ਤਹਿਤ ਅੱਜ ਸੈਂਕੜੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਮੂਹ ਐਨ.ਪੀ.ਐਸ. ਕਰਮਚਾਰੀ ਵਿਧਾਨ ਸਭਾ ਵੱਲ ਨੂੰ ਮਾਰਚ ਕਰਨਗੇ, ਜਿਸ ਦੇ ਸੰਬੰਧ ਵਿਚ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਬਲਾਕ ਪੱਧਰ 'ਤੇ ਵਿਉਂਤਬੰਦੀ ਅਤੇ ਤਿਆਰੀ ਵਿੱਢ ਦਿੱਤੀ ਹੈ, ਕਿਉਂਕਿ ਸਰਕਾਰ ਦੇ ਲਾਰਿਆਂ ਤੋਂ ਅੱਕੇ ਕਰਮਚਾਰੀ ਹੁਣ ਆਰ ਜਾਂ ਪਾਰ ਦੇ ਸੰਘਰਸ਼ ਕਰਨ ਦੇ ਰੌਂਅ ਵਿਚ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਕੀਤੇ ਵਾਅਦੇ ਚਾਰ ਸਾਲ ਬੀਤ ਜਾਣ ਬਾਅਦ ਵੀ ਪੂਰੇ ਨਹੀਂ ਕਰ ਸਕੀ, ਉਲਟਾ ਪੁਰਾਣੀ ਪੈਨਸ਼ਨ ਬਹਾਲੀ ਅੰਦੋਲਨ ਤੋਂ ਧਿਆਨ ਭਟਕਾਉਣ ਲਈ ਸਰਕਾਰ ਨੇ ਬੜੀ ਚਲਾਕੀ ਨਾਲ ਟੈਟ ਦੀ ਸ਼ਰਤ ਨੂੰ ਥੋਪ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਟੈੱਟ ਦੀ ਬੇਲੋੜੀ ਸ਼ਰਤ ਨੂੰ ਵਿਧਾਨ ਸਭਾ ਵਿਚ ਆਰਡੀਨੈਂਸ ਪਾਸ ਕਰ ਵਾਪਸ ਲਵੇ, ਨਹੀਂ ਤਾਂ 22 ਫਰਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋ ਰਹੀ ਮਹਾਂ ਰੈਲੀ ਨੂੰ ਸਮਰਥਨ ਦਿੱਤਾ ਤੇ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ | ਇਸ ਮੌਕੇ ਅੰਗਰੇਜ਼ ਸਿੰਘ, ਚਰਨਜੀਤ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ, ਗੁਰਜੰਟ ਸਿੰਘ, ਹਰਦੀਪ, ਗੁਰਮੀਤ ਮਸੀਹ, ਹਰਪਾਲ ਸਿੰਘ, ਜੋਗਾ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਜਗਦੀਪ ਸਿੰਘ, ਰਣਜੀਤ ਸਿੰਘ, ਅਸ਼ਵਨੀ ਧਵਨ, ਗੁਰਦੇਵ ਸਿੰਘ, ਮਨਜੀਤ ਸਿੰਘ, ਰਾਜੇਸ਼ ਭੱਲਾ, ਮੰਗਲ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਹਰੀਸ਼ ਕੁਮਾਰ ਬੰਟੂ, ਹਰਮਿੰਦਰ ਸਿੰਘ ਸੰਨੀ, ਡਾ. ਇੰਦਰਪ੍ਰੀਤ ਸਿੰਘ ਧਾਮੀ, ਸੁਖਦੀਪ ਸਿੰਘ, ਮਨਪ੍ਰੀਤ ਸਿੰਘ ਬਲਾਕ ਪ੍ਰਧਾਨ, ਵਕੀਲ ਸਦਾ, ਸਤਨਾਮ ਸਿੰਘ ਸਿੱਧੂ, ਅਰਵਿੰਦਰ ਸਿੰਘ, ਅਵਤਾਰ ਸਿੰਘ, ਪਵਨ ਕੁਮਾਰ, ਟੀਨੂੰ, ਰਾਜਨ ਆਦਿ ਹਾਜ਼ਰ ਸਨ |