ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਹਿੰਦੁਸਤਾਨੀ ਬਸਤੀ ਵਿਚ ਕੂੜੇ ਦੇ ਢੇਰ ਇਲਾਕਾ ਨਿਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਹੇ ਹਨ | ਨਗਰ ਨਿਗਮ ਨੇ ਜਿਸ ਕੰਪਨੀ ਨੂੰ ਇਲਾਕੇ ਦੇ ਘਰਾਂ ਤੋਂ ਕੂੜਾ ਇਕੱਠਾ ਕਰਨ ਦਾ ਠੇਕਾ ਦਿੱਤਾ ਹੈ, ਉਸ ਦੇ ਕਰਮਚਾਰੀ ਕੂੜਾ ਚੁੱਕਣ ਲਈ ਇਸ ਇਲਾਕੇ 'ਚ ਪਹੁੰਚ ਹੀ ਨਹੀਂ ਰਹੇ, ਜਿਸ ਕਾਰਨ ਇਲਾਕੇ 'ਚ ਕੂੜੇ ਦੇ ਢੇਰ ਕਿਸੇ ਮਹਾਂਮਾਰੀ ਦਾ ਕਾਰਨ ਬਣ ਸਕਦੇ ਹਨ | ਇਸ ਦੀ ਇਤਲਾਹ ਸੀਨੀ: ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਨੂੰ ਮਿਲਣ 'ਤੇ ਉਸ ਵਲੋਂ ਮੌਕਾ ਦੇਖਿਆ ਗਿਆ | ਇਸ ਦੌਰਾਨ ਸਥਾਨਕ ਲੋਕਾਂ ਨੇ ਦੱਸਿਆ ਕਿ ਨਗਰ ਨਿਗਮ ਹਰ ਘਰ ਤੋਂ ਕੂੜਾ ਚੁੱਕਣ ਦਾ ਦਾਅਵਾ ਕਰਦਾ ਹੈ, ਪਰ ਅਸਲ ਵਿਚ, ਉਨ੍ਹਾਂ ਦੇ ਇਲਾਕੇ 'ਚੋਂ ਕੂੜੇ ਦੀ ਚੁਕਾਈ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਗੰਦਗੀ ਤੋਂ ਨਿਕਲ ਰਹੀ ਬਦਬੂ ਵਸਨੀਕਾਂ ਦਾ ਰਹਿਣਾ ਮੁਸ਼ਕਲ ਬਣਾ ਰਹੀ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਪੈਦਾ ਕਰ ਰਹੀ ਹੈ | ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਨੇ ਇਲਾਕੇ ਦਾ ਮੁਆਇਨਾ ਕਰਨ ਦੌਰਾਨ ਕੂੜੇ ਦੇ ਢੇਰਾਂ ਨੂੰ ਦੇਖ ਕੇ ਹੈਰਾਨ ਰਹਿ ਗਏ | ਇਲਾਕੇ ਵਿਚ ਗੰਦਗੀ ਦੇਖਣ ਤੋਂ ਬਾਅਦ, ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਨੇ ਕਿਹਾ ਕਿ ਉਹ ਇਲਾਕੇ ਵਿਚ ਨਿਗਮ ਦੁਆਰਾ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਜਵਾਬ ਮੰਗੇਗੀ | ਉਹ ਪ੍ਰਸ਼ਾਸਨ ਨੂੰ ਕੂੜਾ ਚੁੱਕਣ ਵਿਚ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਉਣ ਤੋਂ ਪਿਛੇ ਨਹੀਂ ਹੱਟਣਗੇ | ਉਨ੍ਹਾਂ ਦੱਸਿਆ ਕਿ ਕੰਪਨੀ ਦੇ ਅਧਿਕਾਰੀ ਸਕੈਨਰ ਕੋਡਾਂ ਦੀ ਵਰਤੋਂ ਕਰਕੇ ਵਸਨੀਕਾਂ ਦੇ ਘਰਾਂ ਤੋਂ ਕੂੜਾ ਇਕੱਠਾ ਕਰਨ ਦਾ ਦਾਅਵਾ ਕਰਦੇ ਹਨ, ਪਰ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਗਿਣਤੀ ਅਤੇ ਕੰਪਨੀ ਦੇ ਜਵਾਬ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੰਪਨੀ ਦੇ ਕਰਮਚਾਰੀ ਕੂੜਾ ਇਕੱਠਾ ਕਰਨ ਵਿਚ ਅਣਗਹਿਲੀ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ |