ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹਾ ਅੰਮਿ੍ਤਸਰ ਦੇ ਕਈ ਨਿੱਜੀ ਸਕੂਲਾਂ ਵਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੀਆਂ ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ 'ਤੇ ਕਾਰਵਾਈ ਕਰਦਿਆਂ ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟੀਮ ਵਲੋਂ ਨਿੱਜੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਸਕੂਲੀ ਵਿਦਿਆਰਥੀਆਂ ਨੂੰ ਮਿਲਦੀਆਂ ਵਰਦੀਆਂ, ਕਿਤਾਬਾਂ ਅਤੇ ਅਦਾ ਕੀਤੀ ਜਾ ਰਹੀ ਦਾਖ਼ਲਾ ਤੇ ਮਹੀਨਾਵਾਰ ਫ਼ੀਸਾਂ ਦਾ ਮੁਲਾਂਕਣ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੰਵਲਜੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲ਼ੇ ਸਮੇਂ 'ਚ ਬਹੁਤ ਸਾਰੇ ਮਾਪਿਆਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਨਿੱਜੀ ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਅਤੇ ਕਿਤਾਬਾਂ ਸਮੇਤ ਮਹੀਨਾਵਾਰ ਫ਼ੀਸਾਂ 'ਚ ਵੱਡਾ ਵਾਧਾ ਕੀਤੇ ਜਾਣ ਸੰਬੰਧੀ ਸ਼ਿਕਾਇਤਾਂ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਧਿਆਨ ਵਿਚ ਲਿਆਂਦੀਆਂ ਗਈਆਂ ਸਨ, ਜਿਸ ਸੰਬੰਧੀ ਅੱਜ ਜਿਥੇ ਬਟਾਲਾ ਰੋਡ ਸਥਿਤ ਨਵਜੋਤ ਸੀਨੀਅਰ ਸੈਕੰਡਰੀ, ਨਵਜੋਤ ਮਾਡਲ ਸਕੂਲ ਅਤੇ ਨਰਾਇਣਾ ਪਬਲਿਕ ਸਕੂਲ, ਬਲਿਊ ਵੈਲੀ ਮੀਰਾਂਕੋਟ ਸਮੇਤ ਹੋਰ ਨਿੱਜੀ ਸਕੂਲਾਂ ਦਾ ਨਿਰੀਖਣ ਕਰਦਿਆਂ ਸਕੂਲ ਪ੍ਰਬੰਧਨ ਵਲੋਂ ਵਿਦਿਆਰਥੀਆਂ ਲਈ ਨਿਰਧਾਰਿਤ ਕੀਤੀ ਵਰਦੀ, ਕਿਤਾਬਾਂ ਦੀ ਖ੍ਰੀਦ ਲਈ ਵਿਦਿਆਰਥੀ ਸਹੂਲਤ ਲਈ ਜਾਰੀ ਦੁਕਾਨਾਂ ਦੀ ਸੂਚੀ ਸਮੇਤ ਸਕੂਲ ਦੇ ਦਾਖ਼ਲਾ ਅਤੇ ਮਹੀਨਾਵਾਰ ਫ਼ੀਸ ਸੰਬੰਧੀ ਜਾਣਕਾਰੀ ਹਾਸਲ ਕੀਤੀ | ਇਸਦੇ ਨਾਲ ਹੀ ਕੋਰਟ ਰੋਡ 'ਤੇ ਸਥਿਤ ਇਕ ਨਿੱਜੀ ਪੈਲੇਸ ਵਿਖੇ ਇਕ ਵਿਸੇਸ਼ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ, ਸਕੂਲ ਬੈਗ ਅਤੇ ਹੋਰ ਸਾਮਾਨ ਵੇਚਣ ਲਈ ਬਣਾਏ ਆਰਜੀ ਸਟਾਲ ਦਾ ਵਿਸੇਸ਼ ਤੌਰ 'ਤੇ ਨਿਰੀਖਣ ਕਰਦੇ ਹੋਏ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਅਦੇਸ਼ ਦਿੱਤੇ | ਇਸ ਮੌਕੇ ਨਿੱਜੀ ਸਕੂਲਾਂ 'ਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਲਈ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਵਟਸਐਪ ਨੰਬਰ 7973696051 ਜਾਰੀ ਕੀਤਾ ਗਿਆ ਜਿਸ ਤੇ ਵਟਸਐਪ ਸੰਦੇਸ਼ ਰਾਹੀ ਵਿਦਿਆਰਥੀ ਅਤੇ ਮਾਪੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ | ਇਸ ਸਮੇਂ ਉਨ੍ਹਾਂ ਨਾਲ ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਪਿ੍ੰਸਪਾਲ ਸਿੰਘ ਲੀਗਲ ਸਹਾਇਕ, ਹਰਪ੍ਰੀਤ ਸਿੰਘ ਬੁਕਸ ਕੋਆਰਡੀਨੇੇਟਰ ਹਾਜ਼ਰ ਸਨ |