ਜੰਡਿਆਲਾ ਗੁਰੂ, 14 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਖਾਲਸਾ ਸਾਜਨਾ ਦਿਵਸ ਦੇ ਪਾਵਨ ਮੌਕੇ 'ਤੇ ਸ਼ਹਿਰ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ ਅਤੇ ਗਤਕਾ ਪਾਰਟੀਆਂ ਵਲੋਂ ਜੰਡਿਆਲਾ ਗੁਰੂ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਭਾਗ ਲਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਈਆਂ | ਨਗਰ ਕੀਰਤਨ ਦੌਰਾਨ ਸਾਰਾ ਸ਼ਹਿਰ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ | ਸੰਗਤ ਵਲੋਂ ਕੀਰਤਨ ਗਾਇਨ ਕੀਤਾ ਗਿਆ ਅਤੇ 'ਵਾਹਿਗੁਰੂ' ਦਾ ਜਾਪ ਕੀਤਾ ਗਿਆ | ਵੱਖ-ਵੱਖ ਥਾਵਾਂ 'ਤੇ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਸੇਵਾ ਭਾਵਨਾ ਦਾ ਵਿਲੱਖਣ ਦਰਸ਼ਨ ਹੋਇਆ | ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ, ਉਨ੍ਹਾਂ ਦੀ ਧਰਮਪਤਨੀ ਸੁਹਿੰਦਰ ਕੌਰ, ਸਤਿੰਦਰ ਸਿੰਘ, ਰਾਜਕੁਮਾਰ ਮਲਹੋਤਰਾ, ਅੰਮਿ੍ਤਪਾਲ ਸਿੰਘ ਅਤੇ ਹੋਰ ਪਤਵੰਤੇ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸੰਗਤ ਦੇ ਸਹਿਯੋਗ ਨਾਲ ਸਰਕੂਲਰ ਰੋਡ 'ਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ, ਜਿਸ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ |