ਅੰਮਿ੍ਤਸਰ, 19 ਫਰਵਰੀ ਜਸਵੰਤ ਸਿੰਘ ਜੱਸ)-ਬੀਤੇ ਦਿਨ ਤਰਨ ਤਾਰਨ ਜ਼ਿਲੇ੍ਹ ਵਿਖੇ ਇਕ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਪਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਵਾਪਰੀ ਘਟਨਾ ਦੌਰਾਨ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਤੇ ਜ਼ੇਰੇ ਇਲਾਜ ਉਸਦੇ ਰਿਸ਼ਤੇਦਾਰ ਜਰਮਨ ਸਿੰਘ ਦਾ ਹਾਲ ਜਾਨਣ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਅੱਜ ਸ਼ਾਮ ਸਥਾਨਕ ਜੀ. ਟੀ. ਰੋਡ 'ਤੇ ਸਥਿਤ ਨਾਮਵਰ ਅਮਨਦੀਪ ਹਸਪਤਾਲ ਵਿਖੇ ਪੁੱਜੇ | ਇਸ ਘਟਨਾ ਦੇ ਚਸ਼ਮਦੀਦ ਅਤੇ ਜ਼ਖ਼ਮੀਂ ਹੋਏ ਜਰਮਨ ਸਿੰਘ ਦੀ ਸਿਹਤ ਬਾਰੇ ਉਨ੍ਹਾਂ ਡਾ: ਅਵਤਾਰ ਸਿੰਘ ਤੋਂ ਜਾਣਕਾਰੀ ਹਾਸਿਲ ਕੀਤੀ | ਜਰਮਨ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਏ. ਕੇ. 47 ਦੀ ਵਰਤੋਂ ਕੀਤੀ ਗਈ | ਸ: ਮਜੀਠੀਆ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਅੰਦਰ ਗੈਂਗਸਟਰਾਂ ਦਾ ਬੇਖੌਫ਼ ਹੋ ਵਾਰਦਾਤਾਂ ਨੂੰ ਅੰਜਾਮ ਦੇਣਾ ਸਰਕਾਰ ਦੇ 'ਆਪਰੇਸ਼ਨ ਪ੍ਰਹਾਰ' ਅਤੇ 'ਗੈਂਗਸਟਰਾਂ 'ਤੇ ਵਾਰ' ਵਰਗੇ ਦਾਅਵਿਆਂ ਦੀ ਪੋਲ ਖੋਲਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ ਤੇ ਇਕ ਮਹੀਨੇ ਵਿਚ 25 ਤੋਂ ਜ਼ਿਆਦਾ ਲੋਕਾਂ ਦਾ ਕਤਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਸਥਾਈ ਪੁਲਿਸ ਮੁਖੀ ਦੀ ਲੋੜ ਹੈ ਜੋ ਸਹੀ ਅਤੇ ਸਖ਼ਤ ਫ਼ੈਸਲੇ ਲੈ ਕੇ ਅਮਨ-ਕਾਨੂੰਨ ਦੀ ਸਥਿਤੀ ਦਰੁੱਸਤ ਕਰ ਸਕੇ | ਉਨ੍ਹਾਂ ਮੰਗ ਕੀਤੀ ਕਿ ਸੂਬੇ ਦੀ ਲੜਖੜਾਈ ਹੋਈ ਕਾਨੂੰਨ-ਵਿਵਸਥਾ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਰੰਤ ਅਸਤੀਫ਼ਾ ਦੇਣ |