ਅੰਮਿ੍ਤਸਰ, 19 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੱਲ੍ਹ 20 ਫਰਵਰੀ ਤੋਂ ਤਿੰਨ ਦਿਨਾਂ 'ਵਿਸ਼ਵ ਪੰਜਾਬੀ ਕਾਨਫ਼ਰੰਸ' ਦਾ ਅਗਾਜ਼ ਹੋਣ ਜਾ ਰਿਹਾ ਹੈ ਜਿਸ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 8 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇੇਗਾ | ਅੱਜ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਵਿਚ ਤਲਾਸ਼ਣ ਦੀਆਂ ਸੰਭਾਵਨਾਵਾਂ ਨੂੰ ਖੋਜਿਆ ਜਾਵੇਗਾ | ਕਾਨਫ਼ਰੰਸ ਦੇ ਕੋਆਰਡੀਨੇਟਰ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਤਿੰਨ-ਰੋਜ਼ਾ ''ਵਿਸ਼ਵ ਪੰਜਾਬੀ ਕਾਨਫ਼ਰੰਸ ਦਾ ਮੁੱਖ ਵਿਸ਼ਾ ''ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੇਤਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ'' ਰੱਖਿਆ ਗਿਆ ਹੈ | ਇਸ ਕਾਨਫ਼ਰੰਸ ਦਾ ਉਦਘਾਟਨੀ ਸਮਾਰੋਹ 20 ਫ਼ਰਵਰੀ 2026 ਨੂੰ ਦੁਪਹਿਰ 2:30 ਵਜੇ ਯੂਨੀਵਰਸਿਟੀ ਦੇ ਕਨਵੈਂਸ਼ਨ ਸੈਂਟਰ, ਗੁਰੂ ਨਾਨਕ ਭਵਨ ਵਿਖੇ ਹੋਵੇਗਾ | ਇਸ ਸਮਾਰੋਹ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਕਰਨਗੇ ਜਦੋਂ ਕਿ ਕੁੰਜੀਵਤ ਭਾਸ਼ਣ ਸ. ਕੇ. ਬੀ. ਐੱਸ. ਸਿੱਧੂ ਸਾਬਕਾ ਮੁੱਖ ਸਕੱਤਰ ਪੰਜਾਬ, ਮੁੱਖ ਮਹਿਮਾਨ ਤਰਲੋਚਨ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਵਿਕਰਮਜੀਤ ਸਿੰਘ ਸਾਹਨੀ ਮੈਂਬਰ ਰਾਜ ਸਭਾ ਅਤੇ ਡਾ. ਦੀਪਕ ਮਨਮੋਹਨ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ | ਉਨ੍ਹਾਂ ਦੱਸਿਆ ਕਿ ਇਸੇ ਦਿਨ ਸ਼ਾਮ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਾਟਕ '1675' ਵੀ ਖੇਡਿਆ ਜਾਵੇਗਾ, ਜਦਕਿ 21 ਫਰਵਰੀ ਨੂੰ ਅੰਤਰਰਾਸ਼ਟਰੀ ਕਵੀ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ | ਡਾ. ਮਨਜਿੰਦਰ ਸਿੰਘ ਦੱਸਿਆ ਕਿ 21 ਫਰਵਰੀ ਦੇ ਪ੍ਰੋਗਰਾਮ ਤੋਂ ਬਾਅਦ ਵਿਦਾਇਗੀ ਸੈਸ਼ਨ ਮਿਤੀ 22 ਫ਼ਰਵਰੀ ਨੂੰ ਬਾਅਦ ਦੁਪਹਿਰ ਕਾਨਫ਼ਰੰਸ ਹਾਲ 'ਚ ਕੀਤਾ ਜਾਵੇਗਾ ਜਿਸਦੀ ਪ੍ਰਧਾਨਗੀ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਕਰਨਗੇ |