01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪਾਕਿ 'ਚ ਇਤਿਹਾਸਕ ਗੁਰਦੁਆਰਿਆਂ ਦੀ ਨਵਉਸਾਰੀ ਸ਼ੁਰੂ

ਅਜੀਤ ਡੈਸਕ 30-01-2026
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਵਲੋਂ ਜਾਰੀ ਆਦੇਸ਼ਾਂ 'ਤੇ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੇ ਸ਼ੁਰੂ ਕੀਤੇ ਗਏ ਨਵਉਸਾਰੀ ਪ੍ਰੋਜੈਕਟ ਦੇ ਚਲਦਿਆਂ ਸਰਗੋਧਾ ਡਵੀਜ਼ਨ ਦੇ ਸ਼ਹਿਰ ਖ਼ੁਸ਼ਾਬ (ਮਿੱਠਾ ਜਲ) ਦੇ ਮੈਨ ਬਾਜ਼ਾਰ 'ਚ ਸਥਿਤ ਗੁਰਦੁਆਰਾ ਸਿੰਘ ਸਭਾ ਦੀ ਦੋ ਮੰਜ਼ਲਾਂ ਇਮਾਰਤ ਦੀ ਮੁੜ-ਬਹਾਲੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਦੀ ਉਸਾਰੀ ਸੰਨ 1931 ਵਿਚ ਮੁਕੰਮਲ ਹੋਈ ਸੀ | ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ, ਲੰਗਰ ਭਵਨ, ਪ੍ਰਕਾਸ਼ ਅਸਥਾਨ, ਜੋੜਾ ਘਰ ਅਤੇ ਯਾਤਰੂਆਂ ਦੀ ਅਸਥਾਈ ਰਿਹਾਇਸ਼ ਲਈ ਉਸਾਰੀ ਗਈ ਸਰਾਂ ਦਾ ਰੱਖ-ਰਖਾਅ ਨਾ ਹੋਣ ਕਰਕੇ ਇਸ ਆਲੀਸ਼ਾਨ ਇਮਾਰਤ ਦੀ ਹਾਲਤ ਅਸਲੋਂ ਹੀ ਖਸਤਾ ਹੋ ਚੁਕੀ ਸੀ | ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ 'ਚ ਚਲ ਰਹੇ ਐੱਮ. ਸੀ. ਗਰਲਜ਼ ਪ੍ਰਾਇਮਰੀ ਸਕੂਲ-1 ਨੂੰ ਕਿਸੇ ਹੋਰ ਥਾਂ 'ਤੇ ਤਬਦੀਲ ਕਰ ਦਿੱਤਾ ਗਿਆ ਹੈ | ਉਕਤ ਤੋਂ ਇਲਾਵਾ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਡਸਕਾ ਦੇ ਪਿੰਡ ਚੱਕ ਫ਼ਤਿਹ ਭਿੰਡਰ 'ਚ ਮੌਜੂਦ ਯਾਦਗਾਰ ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਦੀ ਪਿੰਡ ਦੇ ਬਾਹਰਵਾਰ ਮੌਜੂਦ ਦੋ ਮੰਜ਼ਿਲਾਂ ਇਮਾਰਤ ਦੀ ਵੀ ਨਵਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ | ਰੱਖ-ਰਖਾਅ ਦੀ ਘਾਟ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਇਹ ਪੂਰੀ ਤਰ੍ਹਾਂ ਨਾਲ ਖੰਡਰ ਦਾ ਰੂਪ ਲੈ ਚੁਕੀ ਹੈ ਅਤੇ ਇਸ ਦੇ ਅੰਦਰ ਆਸ-ਪਾਸ ਦੇ ਘਰਾਂ ਦੇ ਲੋਕ ਪਸ਼ੂ ਬੰਨ੍ਹ ਰਹੇ ਹਨ | ਦੱਸਣਯੋਗ ਹੈ ਕਿ ਡਸਕਾ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਸਥਾਪਿਤ ਗੁਰਦੁਆਰਾ ਨਾਨਕਸਰ 4 ਕਨਾਲ ਭੂਮੀ 'ਤੇ ਮੌਜੂਦ ਹੈ | ਗੁਰਦੁਆਰਾ ਸਾਹਿਬ ਦੀਆਂ ਛੱਤਾਂ ਅਤੇ ਹੋਰ ਭਵਨ ਢਹਿ ਚੁੱਕੇ ਹਨ ਅਤੇ ਜਗ੍ਹਾ-ਜਗ੍ਹਾ ਮਲਬੇ ਦੇ ਢੇਰ ਲੱਗੇ ਹੋਏ ਹਨ | ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਮੁੜ-ਬਹਾਲੀ ਦਾ ਕੰਮ ਮੁੱਖ ਮੰਤਰੀ ਦੇ ਵਿਸ਼ੇਸ਼ ਹੁਕਮਾਂ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੌਰਾਨ ਗੁਰਦੁਆਰਿਆਂ ਦੀ ਮੂਲ ਵਾਸਤੂਕਲਾ ਅਤੇ ਧਾਰਮਿਕ ਮਰਯਾਦਾ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾ ਰਿਹਾ ਹੈ |
ਪਿਛਲੀ ਖ਼ਬਰ ਯੂਥ ਕਾਂਗਰਸ ਚੋਣਾਂ-ਨਵੇਂ ਚਿਹਰਿਆਂ ਨੂੰ ਮੈਦਾਨ 'ਚ ਉਤਾਰ ਕੇ ਕਾਂਗਰਸ ਨੇ ਮਜ਼ਬੂਤੀ ਵੱਲ ਵਧਾਏ ਕਦਮ-ਲਾਡਾ, ਸੰਧੂ ਅਗਲੀ ਖ਼ਬਰ ਭੱਠਲ ਦੀ ਜ਼ੁਬਾਨੀ ਸਾਹਮਣੇ ਆਇਆ ਕਾਂਗਰਸ ਦਾ ਅਸਲੀ ਕਿਰਦਾਰ-ਕੁਲਦੀਪ ਸਿੰਘ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।