ਘਨੌਰ, 29 ਜਨਵਰੀ (ਸਰਦਾਰਾ ਸਿੰਘ ਲਾਛੜੂ)-ਪੰਜਾਬ ਯੂਥ ਕਾਂਗਰਸ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਹਲਕਾ ਘਨੌਰ ਦੇ ਨੌਜਵਾਨਾਂ ਵਿਚ ਅਜੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਪਾਰਟੀ ਹਾਈਕਮਾਂਡ ਵਲੋਂ ਇਸ ਵਾਰ ਨਿਰਪੱਖ ਅਤੇ ਚੰਗੀ ਸੋਚ ਵਾਲੇ ਬਿਲਕੁਲ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦੇ ਫ਼ੈਸਲੇ ਨੇ ਨੌਜਵਾਨ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ | ਸੇਵਾਦਾਰ ਹਲਕਾ ਘਨੌਰ ਹਰਦੀਪ ਸਿੰਘ ਲਾਡਾ, ਗੁਰਪ੍ਰੀਤ ਸਿੰਘ ਸੰਧੂ ਨਰੜੂ ਅਤੇ ਹੋਰ ਸੀਨੀਅਰ ਆਗੂਆਂ ਨੇ ਪੈੱ੍ਰਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦੇਣ ਲਈ ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ ਮੁਤਾਬਿਕ ਦੇਸ਼ ਨੂੰ ਤਰੱਕੀ ਦੀਆਂ ਨਵੀਆਂ ਉਪਲਬਧੀਆਂ ਤੱਕ ਲਿਜਾਉਣ ਲਈ ਨੌਜਵਾਨਾਂ ਦੀ ਰਾਜਨੀਤੀ ਵਿਚ ਸਰਗਰਮ ਸ਼ਮੂਲੀਅਤ ਲਾਜ਼ਮੀ ਹੈ | ਇਸ ਲੜੀ ਤਹਿਤ ਘਨੌਰ ਅਸੈਂਬਲੀ ਹਲਕੇ ਲਈ ਨੌਜਵਾਨ ਆਗੂ ਹਿੰਮਤ ਸਿੰਘ, ਬਲਾਕ ਘਨੌਰ ਤੋਂ ਸਿਮਰਨਦੀਪ ਸਿੰਘ, ਬਲਾਕ ਖੇੜੀ ਗੰਡਿਆਂ ਤੋਂ ਜਸਕਰਨ ਸਿੰਘ ਭੰਗੂ (ਕੋਲੇ ਮਾਜਰਾ) ਅਤੇ ਜ਼ਿਲ੍ਹਾ ਸੈਕਟਰੀ ਦੇ ਅਹੁਦੇ ਲਈ ਅਮਨਪ੍ਰੀਤ ਸਿੰਘ ਭੰਗੂ ਨੂੰ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ | ਉਹਨਾਂ ਹਲਕਾ ਘਨੌਰ ਦੇ ਸਮੂਹ ਨੌਜਵਾਨ ਆਗੂਆਂ ਨੂੰ ਅਪੀਲ ਕੀਤੀ ਕਿ ਯੂਥ ਕਾਂਗਰਸ ਦੇ ਵਿਚ ਨਵੇਂ ਚਿਹਰੇ ਅੱਗੇ ਆ ਰਹੇ ਹਨ ਉਨ੍ਹਾਂ ਦੀ ਵੱਧ ਤੋਂ ਵੱਧ ਵੋਟਾਂ ਪਾ ਕੇ ਮਦਦ ਕੀਤੀ ਜਾਵੇ ਅਤੇ ਨੌਜਵਾਨਾਂ ਦਾ ਅੱਗੇ ਆਉਣਾ ਕਾਂਗਰਸ ਪਾਰਟੀ ਦੇ ਲਈ ਚੰਗਾ ਸੰਕੇਤ ਹੈ ਕਿ ਨੌਜਵਾਨ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ ਹਨ | ਇਸ ਮੌਕੇ ਪਰਵਿੰਦਰ ਸਿੰਘ ਲਾਲੀ, ਬਲਜੀਤ ਸਿੰਘ ਗਿੱਲ (ਸਾਬਕਾ ਚੇਅਰਮੈਨ), ਸੰਜੀਵ ਸੰਜੂ (ਹਾਸ਼ਮਪੁਰ/ਖੈਰਪੁਰ) ਅਤੇ ਅਮਰਿੰਦਰ ਸਿੰਘ ਬਿੱਟੂ ਸੰਧਾਰਸੀ ਨੇ ਸਾਂਝੇ ਤੌਰ 'ਤੇ ਅਪੀਲ ਕੀਤੀ ਕਿ ਪਾਰਟੀ ਦੀ ਮਜ਼ਬੂਤੀ ਲਈ ਇਨ੍ਹਾਂ ਨੌਜਵਾਨ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ | ਉਨ੍ਹਾਂ ਦਾਅਵਾ ਕੀਤਾ ਕਿ ਇਹ ਨਵੇਂ ਚਿਹਰੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਨੁਹਾਰ ਬਦਲਣ ਵਿਚ ਅਹਿਮ ਭੂਮਿਕਾ ਨਿਭਾਉਣਗੇ |