ਅੰਮਿ੍ਤਸਰ, 29 ਜਨਵਰੀ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਵਲੋਂ ਕਰਵਾਏ ਗਏ 24ਵੇਂ ਅੰਤਰ -ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟਸ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ, ਜੇਤੂ ਸਕੂਲ ਟੀਮਾਂ ਦੇ ਸਨਮਾਨ ਹਿਤ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ, ਆਨ: ਸਕੱਤਰ ਰਮਣੀਕ ਸਿੰਘ ਫ੍ਰੀਡਮ ਤੇ ਹੋਰ ਅਹੁਦੇਦਾਰ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਜੇਤੂ ਰਹੇ ਪ੍ਰਤਿਭਾਸ਼ਾਲੀ ਖਿਡਾਰੀਆਂ ਅਤੇ ਕੋਚਾਂ ਦੇ ਨਾਲ ਖੇਡਾਂ ਦੇ ਸਫਲ ਆਯੋਜਨ ਵਿਚ ਵੱਡਮੁੱਲਾ ਯੋਗਦਾਨ ਦੇਣ ਵਾਲੇ ਪਿ੍ੰਸੀਪਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਐਲਾਨੇ ਨਤੀਜਿਆਂ ਮੁਤਾਬਿਕ ਮੁੱਖ ਖੇਡਾਂ ਵਿਚ ਓਵਰਆਲ ਟਰਾਫੀ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ. ਟੀ. ਰੋਡ, ਐਥਲੈਟਿਕਸ ਵਿਚ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਤਰਨ ਤਾਰਨ, ਪ੍ਰਾਇਮਰੀ ਸਪੋਰਟਸ ਵਿਚ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਆਸਲ ਉਤਾੜ (ਤਰਨ ਤਾਰਨ) ਨੇ ਅਤੇ ਗਤਕੇ ਵਿਚ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਸਕੂਲ ਨੇ ਓਵਰਆਲ ਟਰਾਫੀ 'ਤੇ ਮੱਲ ਮਾਰੀ | ਇਸ ਸਨਮਾਨ ਸਮਾਗਮ ਦੀ ਅਰੰਭਤਾ ਸ਼ਬਦ ਨਾਲ ਹੋਈ | ਖੇਡ ਕਮੇਟੀ ਦੇ ਕਨਵੀਨਰ ਰਬਿੰਦਰਬੀਰ ਸਿੰਘ ਭੱਲਾ ਨੇ ਵਿਦਿਆਰਥੀ ਜੀਵਨ ਵਿਚ ਖੇਡਾਂ ਦਾ ਮਹੱਤਵ ਉਜਾਗਰ ਕੀਤਾ | ਇਸ ਮੌਕੇ ਸਾਢੇ ਤਿੰਨ ਸਾਲ ਦੀ ਉਮਰ ਦੇ ਸਕੂਲ ਦੇ ਵਿਦਿਆਰਥੀ ਫ਼ਤਹਿ ਸਿੰਘ ਨੇ ਗਤਕੇ ਦੇ ਜ਼ੌਹਰ ਦਿਖਾ ਕੇ ਸਭ ਦਾ ਦਿਲ ਜਿੱਤ ਲਿਆ | ਪ੍ਰਧਾਨ ਡਾ. ਨਿੱਜਰ ਨੇ ਕਿਹਾ ਕਿ ਦੀਵਾਨ ਵਲੋਂ ਕਰਵਾਏ ਟੂਰਨਾਮੈਂਟ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਦੇ ਮਨਾਂ 'ਚ ਸਰੀਰਕ ਅਤੇ ਮਾਨਸਿਕ ਸਿਹਤ, ਅਨੁਸ਼ਾਸਨ, ਆਤਮ ਵਿਸ਼ਵਾਸ ਅਤੇ ਲੀਡਰਸ਼ਿਪ ਵਰਗੇ ਗੁਣ ਵਿਕਸਿਤ ਕਰਨਾ ਹੈ | ਉਨ੍ਹਾਂ ਨੇ ਕਿਹਾ ਕਿ ਖੇਡ ਮੈਦਾਨ ਵਿਚ ਦਿਖਾਇਆ ਗਿਆ ਹੌਂਸਲਾ, ਟੀਚੇ ਨੂੰ ਹਾਸਿਲ ਕਰਨ ਦਾ ਜੋਸ਼ ਅਤੇ ਟੀਮ ਵਰਕ ਹੀ ਭਵਿੱਖ ਦੀ ਵੱਡੀ ਕਾਮਯਾਬੀ ਦੀ ਨੀਂਹ ਹੁੰਦੇ ਹਨ | ਉਨ੍ਹਾਂ ਕਿਹਾ ਕਿ ਦੀਵਾਨ ਦੇ ਸਕੂਲਾਂ ਵਿਚ ਖੇਡਾਂ ਨੂੰ ਪ੍ਰਫੂਲਿਤ ਕਰਨ ਹਿੱਤ ਸਕੂਲ ਖੇਡ ਮੈਦਾਨਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਅਨੁਸਾਰ ਆਧੁਨਿਕ ਸਹੂਲਤਾਂ ਨਾਲ ਅੱਪਗ੍ਰੇਡ ਕੀਤਾ ਜਾ ਰਿਹਾ ਹੈ | ਆਨਰੇਰੀ ਸਕੱਤਰ ਸ. ਫ੍ਰੀਡਮ ਅਤੇ ਐਡੀ. ਆਨਰੇਰੀ ਸਕੱਤਰ ਹਰਵਿੰਦਰ ਪਾਲ ਸਿੰਘ ਚੁੱਘ ਨੇ ਕਿਹਾ ਕਿ ਦੀਵਾਨ ਖੇਡਾਂ ਦਾ ਮਕਸਦ ਸਿਰਫ ਮੁਕਾਬਲੇ ਕਰਵਾਉਣਾ ਹੀ ਨਹੀਂ ਸਗੋਂ ਹਰ ਵਿਦਿਆਰਥੀ ਦੀ ਖੇਡ ਪ੍ਰਤਿਭਾ ਨੂੰ ਪਛਾਣ ਕੇ ਉਸਨੂੰ ਸਹੀ ਮਾਰਗ ਦਰਸ਼ਨ ਅਤੇ ਉਚਿਤ ਮੌਕੇ ਪ੍ਰਦਾਨ ਕਰਨਾ ਹੈ | ਸਕੂਲ ਮੈਂਬਰ ਇੰਚਾਰਜ ਆਦਰਸ਼ਪਿੰਦਰ ਸਿੰਘ ਮਾਨ ਵਲੋਂ ਆਏ ਧੰਨਵਾਦ ਕੀਤਾ ਗਿਆ | ਇਸ ਮੌਕੇ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਜਾਇੰਟ ਸਕੱਤਰ ਇੰਜੀ. ਜਸਪਾਲ ਸਿੰਘ, ਸਪੋਰਟਸ ਕਮੇਟੀ ਦੇ ਕਨਵੀਨਰ ਰਬਿੰਦਰਬੀਰ ਸਿੰਘ ਭੱਲਾ, ਕੋ-ਕਨਵੀਨਰ ਮੋਹਨਜੀਤ ਸਿੰਘ ਭੱਲਾ, ਸਪੋਰਟਸ ਕਮੇਟੀ ਮੈਂਬਰ ਏ. ਪੀ. ਐੱਸ. ਮਾਨ, ਲਖਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਘੁੱਲਾ, ਉਪਕਾਰ ਸਿੰਘ ਛਾਬੜਾ ਸਮੇਤ ਹੋਰ ਦੀਵਾਨ ਮੈਂਬਰ ਸਾਹਿਬਾਨ ਦੇ ਨਾਲ-ਨਾਲ ਡਾਇਰੈਕਟਰ ਐਜੂਕੇਸ਼ਨ ਡਾ. ਏ. ਪੀ. ਐੱਸ. ਚਾਵਲਾ, ਡਿਪਟੀ ਡਾਇਰੈਕਟਰ ਉਰਮਿੰਦਰ ਕੌਰ, ਜੁਆਇੰਟ ਡਾਇਰੈਕਟਰ ਸਪੋਰਟਸ ਦੀਪਇੰਦਰ ਸਿੰਘ, ਅੰਡਰ ਸੈਕਟਰੀ ਐਜੂਕੇਸ਼ਨਲ ਕਮੇਟੀ ਅਮਰਜੀਤ ਸਿੰਘ ਚੁੱਘ ਆਦਿ ਸਮੇਤ ਹੋਰ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ |
ਚੀਫ਼ ਖ਼ਾਲਸਾ ਦੀਵਾਨ ਵਲੋਂ 24ਵੇਂ ਅੰਤਰ-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟਸ ਦੀਆਂ ਜੇਤੂ ਟੀਮਾਂ ਦਾ ਸਨਮਾਨ
ਅਜੀਤ ਡੈਸਕ
30-01-2026