ਅੰਮਿ੍ਤਸਰ, 22 ਜਨਵਰੀ (ਰੇਸ਼ਮ ਸਿੰਘ)-ਸਕੂਲ ਸਮੇਂ ਤੋਂ ਚਲ ਰਹੀ ਦੋਸਤੀ 'ਚ ਇਕ ਦੋਸਤ ਨੇ ਉਸ ਵੇਲੇ ਫਿੱਕ ਪਾ ਦਿੱਤੀ ਜਦੋਂ ਕਿ ਆਪਣੇ ਦੋਸਤ ਨੂੰ ਜ਼ਾਅਲੀ ਟਿਕਟ ਵੇਚ ਕੇ ਪੈਸੇ ਹੜੱਪ ਕਰ ਲਏ | ਜਦੋਂ ਉਹ ਦੋਸਤ ਫਲਾਈਟ ਲੈਣ ਲਈ ਇਥੇ ਰਾਜਾਸਾਂਸੀ ਹਵਾਈ ਅੱਡਾ ਵਿਖੇ ਪੁੱਜਿਆ ਤਾਂ ਟਿਕਟ ਜ਼ਾਅਲੀ ਪਾਈ ਗਈ | ਪੁਲਿਸ ਨੂੰ ਕੀਤੀ ਸ਼ਿਕਾਇਤ 'ਚ ਚਰਨਜੀਤ ਕੁਮਾਰ ਵਾਸੀ ਪਿੰਡ ਚੰਦੇਲੀ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ, ਜਿਸ ਨੇ ਉਸਨੂੰ ਦੱਸਿਆ ਕਿ ਉਸਦੀ ਸਿਖਲਾਈ ਇਥੇ ਬੰਗਲੌਰ ਵਿਖੇ ਹੈ ਤੇ ਅੰਮਿ੍ਤਸਰ ਤੋਂ ਬੰਗਲੌਰ ਦੀ ਟਿਕਟ ਭੇਜੀ ਸੀ | ਜਦੋਂ ਉਹ ਹਵਾਈ ਅੱਡੇ ਜਾਣ ਲਈ ਪੁੱਜਿਆ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਟਿਕਟ ਜ਼ਾਅਲੀ ਹੈ | ਇਸ ਤਰ੍ਹਾਂ ਉਸਦੇ ਦੋਸਤ ਨੇ ਉਸ ਪਾਸੋਂ ਗੂਗਲ ਪੇਅ 'ਤੇ 5700 ਰੁਪਏ ਲਏ ਕੇ ਜ਼ਾਅਲੀ ਟਿਕਟ ਭੇਜ ਦਿੱਤੀ | ਪੁਲਿਸ ਵਲੋਂ ਰਵੀ ਸਹੋਤਾ ਵਾਸੀ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦਾ ਪਰਚਾ ਦਰਜ ਕਰ ਲਿਆ ਹੈ |