ਅੰਮਿ੍ਤਸਰ, 22 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਰਾਜੇਸ਼ ਕੁਮਾਰ ਸ਼ਰਮਾ, ਡੀ. ਈ. ਓ. ਕੰਵਲਜੀਤ ਸਿੰਘ (ਅ) ਅਤੇ ਡਿਪਟੀ ਡੀ. ਈ. ਓ. ਰਾਜੇਸ਼ ਖੰਨਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਸੀ.ਬੀ.ਐੱਸ.ਈ./ ਆਈ.ਸੀ.ਐੱਸ.ਈ./ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਨਾਲ ਸੰਬੰਧਤ ਕੁਝ ਮੈਨੇਜਮੈਂਟਾਂ ਵਲੋਂ ਆਪਣੇ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਯੂਨੀਫਾਰਮ (ਵਰਦੀਆਂ) ਅਤੇ ਕਿਤਾਬਾਂ ਕਿਸੇ ਖਾਸ ਦੁਕਾਨ/ਫਰਮ ਤੋਂ ਖ੍ਰੀਦਣ ਜਾਂ ਆਪਣੇ ਸਕੂਲ 'ਚੋਂ ਹੀ ਖ੍ਰੀਦਣ ਲਈ ਮਜਬੂਰ ਕਰਦੇ ਹਨ, ਅਜਿਹਾ ਕਰਨ ਨਾਲ ਵਿਦਿਆਰਥੀਆਂ ਦੇ ਮਾਪਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਰਦੀਆਂ ਅਤੇ ਕਿਤਾਬਾਂ ਕਿਸੇ ਖਾਸ ਦੁਕਾਨ/ਫਰਮ ਤੋਂ ਖ੍ਰੀਦਣ ਲਈ ਭਾਰੀ ਕੀਮਤਾਂ ਅਦਾ ਕਰਨੀਆਂ ਪੈਂਦੀਆਂ ਹਨ | ਉਨ੍ਹਾਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਵਿਸ਼ੇ ਅਧੀਨ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈਂਟ ਸਬੰਧਤ ਬੋਰਡਾਂ ਤੋਂ ਪ੍ਰਵਾਨਿਤ ਸਿਲੇਬਸ ਮੁਤਾਬਿਕ ਪ੍ਰਮਾਨਿਤ ਕਿਤਾਬਾਂ ਹੀ ਵਿਦਿਆਰਥੀਆਂ ਨੂੰ ਲਗਾਉਣ ਅਤੇ ਇਹ ਕਿਤਾਬਾਂ ਦੀ ਸੂਚੀ ਆਪਣੇ ਸਕੂਲ ਦੀ ਵੈਬ-ਸਾਈਟ 'ਤੇ ਦਰਸਾਉਣ ਤਾਂ ਜੋ ਵਿਦਿਆਰਥੀਆਂ ਦੇ ਮਾਪੇ ਉਸ ਸੂਚੀ ਮੁਤਾਬਿਕ ਕਿਸੇ ਵੀ ਦੁਕਾਨ ਤੋਂ ਕਿਤਾਬਾਂ ਖ੍ਰੀਦ ਸਕਣ | ਉਕਤ ਪ੍ਰਾਈਵੇਟ ਸਕੂਲਾਂ ਦੀਆਂ ਕੁਝ ਮੈਨੇਜਮੈਟਾਂ ਪ੍ਰਾਈਵੇਟ ਪਬਲੀਸ਼ਰ ਤੋਂ ਨਿਰਧਾਰਿਤ ਸਿਲੇਬਸ ਜੋ ਸੰਬੰਧਤ ਬੋਰਡ ਵਲੋਂ ਬਦਲਿਆ ਨਹੀਂ ਗਿਆ, ਪਾਠਕ੍ਰਮਾਂ ਨੂੰ ਅੱਗੇ-ਪਿੱਛੇ ਕਰਕੇ ਪਿਛਲੇ ਸਾਲ ਨਾਲੋਂ ਮੌਜੂਦਾ ਸਾਲ ਵਿਚ ਨਵੀਂ ਕਿਤਾਬ ਤਿਆਰ ਕਰਵਾਉਂਦੇ ਹਨ ਤਾਂ ਜੋ ਮੌਜੂਦਾ ਵਿਦਿਆਰਥੀ ਪਿਛਲੇ ਸਾਲ ਦੀਆਂ ਪੁਰਾਣੀਆਂ ਕਿਤਾਬਾਂ ਨਾ ਖ੍ਰੀਦ ਸਕਣ ਅਤੇ ਵਿਦਿਆਰਥੀਆਂ ਨੂੰ ਮਜਬੂਰ ਹੋ ਕੇ ਨਵੀਆਂ ਕਿਤਾਬਾਂ ਹੀ ਖ੍ਰੀਦਣੀਆਂ ਪੈਂਦੀਆਂ ਹਨ ਅਜਿਹੀ ਗਲਤ ਆਦਤ ਨੂੰ ਰੋਕਿਆ | ਜੇਕਰ ਸੰਬੰਧਤ ਬੋਰਡ ਵਲੋਂ ਕਿਸੇ ਵੀ ਕਲਾਸ ਦੇ ਵਿਚ ਕਿਸੇ ਵੀ ਸਿਲੇਬਸ ਦਾ ਬਦਲਾਅ ਨਹੀਂ ਕੀਤਾ ਜਾਂਦਾ ਅਤੇ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀ ਪਿਛਲੇ ਸਾਲ ਦੀਆਂ ਪੁਰਾਣੀਆਂ ਕਿਤਾਬਾਂ ਖ੍ਰੀਦਣ ਦੇ ਚਾਹਵਾਨ ਹਨ ਤਾਂ ਅਜਿਹੀ ਹਾਲਤ 'ਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਵੀਆਂ ਕਿਤਾਬਾਂ ਲੈਣ ਲਈ ਮਜਬੂਰ ਨਾ ਕੀਤਾ ਜਾਵੇ | ਉਕਤ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈਟਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਜਿਹੜੀ ਵਰਦੀ (ਯੂਨੀਫਾਰਮ) ਇਕ ਵਾਰ ਵਿਦਿਆਰਥੀਆਂ ਨੂੰ ਲਗਾਈ ਜਾਂਦੀ ਹੈ ਉਹ ਘੱਟੋ-ਘੱਟ ਤਿੰਨ ਸਾਲ ਲਗਾਤਾਰ ਜਾਰੀ ਰੱਖੀ ਜਾਵੇ, ਹਰ ਸਾਲ ਵਰਦੀ ਦਾ ਰੰਗ ਬਦਲਿਆ ਨਾ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਵੀ ਵਿਦਿਆਰਥੀਆਂ ਦੇ ਮਾਪਿਆਂ 'ਤੇ ਬੇਲੌੜੇ ਖਰਚੇ ਦਾ ਭਾਰ ਹੈ | ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਅੰਦਰ ਵਰਦੀਆਂ ਅਤੇ ਕਿਤਾਬਾਂ ਵੇਚਣ 'ਤੇ ਮੁਕੰਮਲ ਪਾਬੰਦੀ ਹੋਵੇਗੀ |