21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲਹਿੰਦੇ ਪੰਜਾਬ ਦੇ ਵਸਨੀਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸ ਤੋਂ ਜਾਣੰੂ ਕਰਵਾਉਣ ਲਈ ਲਾਹੌਰ ਤੋਂ 'ਸ਼ੇਰ-ਏ-ਪੰਜਾਬ' ਰਸਾਲਾ ਸ਼ੁਰੂ

ਅਜੀਤ ਡੈਸਕ 23-01-2026
ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਵਸਨੀਕਾਂ ਅਤੇ ਖ਼ਾਸ ਤੌਰ 'ਤੇ ਗ਼ੈਰ-ਸਿੱਖਾਂ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸ ਅਤੇ ਉਨ੍ਹਾਂ ਦੀਆਂ ਪੰਜਾਬ ਪ੍ਰਤੀ ਉਪਲਬੱਧੀਆਂ ਤੋਂ ਜਾਣੰੂ ਕਰਵਾਉਣ ਲਈ ਲਾਹੌਰ ਦੇ ਉਮਰ ਸ਼ਾਹ ਨਾਂਅ ਦੇ ਨੌਜਵਾਨ ਨੇ 'ਸ਼ੇਰ-ਏ-ਪੰਜਾਬ' ਤਿਮਾਹੀ ਰਸਾਲਾ ਸ਼ੁਰੂ ਕੀਤਾ ਹੈ | ਉਰਦੂ 'ਚ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਇਸ ਰਸਾਲੇ 'ਚ ਸਾਰੇ ਲੇਖ ਅਤੇ ਹੋਰ ਸਮੱਗਰੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਾਇਮ ਸਿੱਖ ਰਾਜ ਅਤੇ ਪੁਰਾਣੇ ਸਾਂਝੇ ਪੰਜਾਬ ਬਾਰੇ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ | ਉਮਰ ਸ਼ਾਹ ਨੇ ਲਾਹੌਰ ਤੋਂ ਫ਼ੋਨ 'ਤੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਹਿੰਦੇ ਪੰਜਾਬ 'ਚ ਅੰਗਰੇਜ਼ ਲੇਖਕਾਂ ਅਤੇ ਯਾਤਰੂਆਂ ਦੁਆਰਾ ਲਿਖੇ ਤੱਥਹੀਣ ਸਿੱਖ ਇਤਿਹਾਸ 'ਚ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦੇ ਮੁਗਲ ਮਕਬਰਿਆਂ, ਬਾਰਾਂਦਰੀਆਂ, ਬਾਗਾਂ ਅਤੇ ਮਸਜਿਦਾਂ ਦੀ ਸ਼ਾਨ ਖ਼ਰਾਬ ਕਰਨ ਵਾਲਾ 'ਗੁਨਾਹਗਾਰ' ਦੱਸਿਆ ਗਿਆ ਹੈ | ਇਸ ਕਾਰਨ ਅਸਲ ਸਿੱਖ ਇਤਿਹਾਸ ਤੋਂ ਅਣਜਾਣ ਬਹੁਤ ਸਾਰੇ ਪਾਕਿਸਤਾਨੀਆਂ ਵਲੋਂ ਮਹਾਰਾਜਾ ਨਾਲ ਨਫ਼ਰਤ ਕੀਤੀ ਜਾ ਰਹੀ ਹੈ | ਉਮਰ ਨੇ ਕਿਹਾ ਕਿ ਅੰਗਰੇਜ਼ ਲੇਖਕਾਂ ਦੁਆਰਾ ਉਪਲੱਬਧ ਕਰਵਾਈਆਂ ਗਲਤ ਅਤੇ ਮਨਘੜਤ ਜਾਣਕਾਰੀਆਂ ਨਾਲ ਪੈਦਾ ਹੋਈ ਨਫ਼ਰਤ ਕਾਰਨ ਲਾਹੌਰ ਸ਼ਾਹੀ ਕਿਲ੍ਹੇ 'ਚ ਸਥਾਪਿਤ ਕੀਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕੱਟੜਪੰਥੀਆਂ ਦੁਆਰਾ ਲਗਾਤਾਰ ਤਿੰਨ ਵਾਰ ਭੰਨਤੋੜ ਕੀਤੀ ਗਈ | ਉਮਰ ਨੇ ਕਿਹਾ 'ਸ਼ੇਰ-ਏ-ਪੰਜਾਬ' ਰਸਾਲੇ 'ਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਇਤਿਹਾਸਕਾਰਾਂ ਦੇ ਲੇਖ ਪ੍ਰਕਾਸ਼ਿਤ ਕਰਕੇ ਉਨ੍ਹਾਂ ਦੀ ਮਾਰਫ਼ਤ ਪਾਕਿਸਤਾਨੀਆਂ ਅਤੇ ਖ਼ਾਸ ਤੌਰ 'ਤੇ ਲਹਿੰਦੇ ਪੰਜਾਬ ਦੇ ਨਾਗਰਿਕਾਂ ਨੂੰ ਪ੍ਰਮਾਣਿਕ ਦਸਤਾਵੇਜ਼ਾਂ ਦੇ ਆਧਾਰ 'ਤੇ ਇਹ ਸਮਝਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸਿੱਖ ਰਾਜ ਵੇਲੇ ਕਿਸੇ ਵੀ ਮੁਗਲ ਸਮਾਰਕ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ, ਬਲਕਿ ਮਹਾਰਾਜਾ ਵਲੋਂ ਮੁਸਲਿਮ ਧਾਰਮਿਕ ਯਾਦਗਾਰਾਂ ਅਤੇ ਮਦਰੱਸਿਆਂ ਨੂੰ ਵੱਡੀਆਂ ਗਰਾਂਟਾਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਲਾਹੌਰ ਦੀ ਵਜ਼ੀਰ ਖ਼ਾਨ ਅਤੇ ਸੁਨਹਿਰੀ ਮਸਜਿਦ ਸਮੇਤ ਬਹੁਤ ਸਾਰੀਆਂ ਇਤਿਹਾਸਕ ਮਸਜਿਦਾਂ ਨੂੰ ਕਬਜ਼ਾਮੁਕਤ ਕਰਵਾਇਆ ਗਿਆ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ 27 ਨੂੰ ਜਾਵੇਗਾ ਮਨਾਇਆ -ਬਾਬਾ ਦਰਸ਼ਨ ਸਿ... ਅਗਲੀ ਖ਼ਬਰ ਬੰਗਲੌਰ ਦੀ ਜਾਅਲੀ ਟਿਕਟ ਵੇਚਣ ਵਾਲੇ 'ਤੇ ਪਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।