ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੇ ਮੰਨਿਆ ਹੈ ਕਿ ਉਨ੍ਹਾਂ ਦਾ ਦੇਸ਼ ਚੌਲਾਂ ਦੀ ਬਰਾਮਦ 'ਚ ਭਾਰਤ ਤੋਂ ਪਿੱਛੇ ਹੈ | ਵਣਜ ਮੰਤਰੀ ਜਾਮ ਕਮਾਲ ਖ਼ਾਨ ਨੇ ਕਿਹਾ ਕਿ ਪਾਕਿਸਤਾਨੀ ਚੌਲ ਵਿਸ਼ਵ ਬਾਜ਼ਾਰ 'ਚ ਭਾਰਤ ਤੋਂ ਪਿੱਛੇ ਹੈ ਅਤੇ ਪਾਕਿ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਦੀਆਂ ਚੁਨੌਤੀਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ | ਭਾਰਤ ਤੋਂ ਪਿੱਛੇ ਰਹਿਣ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਦੇ ਹਲ ਲਈ ਪਾਕਿ ਸਰਕਾਰ ਚੌਲ ਬਰਾਮਦਕਾਰਾਂ ਲਈ ਬਰਾਮਦ ਵਿਕਾਸ ਫ਼ੰਡ (ਈ. ਡੀ. ਐੱਫ.) ਰਾਹੀਂ ਸਹਾਇਤਾ ਪ੍ਰਦਾਨ ਕਰੇਗੀ | ਪਾਕਿ ਮੀਡੀਆ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਕਮਾਲ ਖ਼ਾਨ ਨੇ ਕਿਹਾ ਕਿ ਪਾਕਿਸਤਾਨੀ ਚੌਲਾਂ ਦੀ ਕੀਮਤ ਇਸ ਸਮੇਂ ਵਿਸ਼ਵ ਬਾਜ਼ਾਰ 'ਚ ਜ਼ਿਆਦਾ ਹੈ, ਜਿਸ ਕਾਰਨ ਵਪਾਰੀਆਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਸਹਾਇਤਾ ਤੋਂ ਬਿਨਾਂ ਘਰੇਲੂ ਬਾਜ਼ਾਰ 'ਚ ਲਗਭਗ 30 ਲੱਖ ਟਨ ਚੌਲ ਬਿਨਾਂ ਵਿਕੇ ਰਹਿ ਸਕਦੇ ਹਨ | ਇਸ ਦਾ ਸਿੱਧਾ ਅਸਰ ਕਿਸਾਨਾਂ 'ਤੇ ਪਵੇਗਾ |