ਛੇਹਰਟਾ, 22 ਜਨਵਰੀ (ਪੱਤਰ ਪੇ੍ਰਰਕ)-ਵਿਸ਼ਵ ਦਾ ਸੰਸਾਰ ਪ੍ਰਸਿੱਧ ਬਸੰਤ ਪੰਚਮੀ ਜੋੜ ਮੇਲਾ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਪਾਤਸ਼ਾਹੀ 6ਵੀਂ ਅੰਮਿ੍ਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਤੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਖੈਰਾਬਾਦ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਪ੍ਰਬੰਧਾਂ ਹੇਠ 22 ਤੇ 23 ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ | ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਗਾਤਾਰ ਦੋ ਦਿਨ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਜਿਸ ਵਿਚ ਉੱਚ ਕੋਟੀ ਦੇ ਢਾਡੀ, ਕਵੀਸ਼ਰ, ਪ੍ਰਚਾਰਕ ਤੇ ਵਿਦਵਾਨਾਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ | ਧਾਰਮਿਕ ਦੀਵਾਨਾਂ ਦੇ ਪਹਿਲੇ ਦਿਨ 22 ਜਨਵਰੀ ਦੀ ਸ਼ਾਮ 7 ਤੋਂ ਲੈ ਕੇ 8 ਵਜੇ ਤੱਕ ਸ੍ਰੀ ਅਕਾਲ ਸਾਹਿਬ ਜੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕੌਮੀ ਦਸਤਾਰਬੰਦੀ ਸਮਾਗਮ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ ਦੇ ਵਿਚ ਨੌਜਵਾਨਾਂ ਨੇ ਭਾਗ ਲਿਆ | ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਤੇ ਕਿਹਾ ਕਿ ਨੌਜਵਾਨਾਂ ਨੂੰ ਸਿਰਾਂ 'ਤੇ ਸੁੰਦਰ ਦਸਤਾਰਾਂ ਜ਼ਰੂਰ ਸਜਾਉਣੀਆਂ ਚਾਹੀਦੀਆਂ ਹਨ ਕਿਉਂਕਿ ਦਸਤਾਰ ਸਿੱਖ ਕੌਮ ਦੀ ਨਿਸ਼ਾਨੀ ਹੈ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੰਗਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਖ ਵੱਖ ਸੇਵਾ ਸੋਸਾਇਟੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ | ਜੋੜ ਮੇਲੇ ਦੌਰਾਨ ਪੰਘੂੜੇ ਤੇ ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ ਜਿਨ੍ਹਾਂ ਤੇ ਲੋਕਾਂ ਵਲੋਂ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ | ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜਥੇ: ਬਾਵਾ ਸਿੰਘ ਗੁਮਾਨਪੁਰਾ ਸ਼੍ਰੋਮਣੀ ਕਮੇਟੀ ਮੈਂਬਰ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਖੈਰਾਬਾਦ, ਹਰਿੰਦਰ ਸਿੰਘ ਮੀਤ ਮੈਨੇਜਰ, ਦਿਲਬਾਗ ਸਿੰਘ ਇੰਸਪੈਕਟਰ, ਜਸਪਾਲ ਸਿੰਘ ਪ੍ਰਚਾਰਕ, ਗੁਰਵਿੰਦਰ ਸਿੰਘ ਪ੍ਰਚਾਰਕ, ਹਰਸੇਵਕ ਸਿੰਘ ਹੈੱਡ ਗ੍ਰੰਥੀ, ਅਮਨਦੀਪ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਾਮਦਾਸ, ਤਰਲੋਚਨ ਸਿੰਘ ਘਈ ਪ੍ਰਧਾਨ ਮੀਰੀ ਪੀਰੀ ਸੇਵਕ ਸਭਾ, ਕੈਪਟਨ ਕੁਲਵਿੰਦਰ ਸਿੰਘ, ਸ਼ਮਸ਼ੇਰ ਸਿੰਘ ਖ਼ਜ਼ਾਨਚੀ, ਸਰਬਜੀਤ ਸਿੰਘ ਭਿੱਟੇਵੱਢ ਸਮੇਤ ਵੱਡੀ ਗਿਣਤੀ ਦੇ ਵਿਚ ਸੰਗਤਾਂ ਹਾਜ਼ਰ ਸਨ |