ਜਲਾਲਾਬਾਦ, 7 ਮਈ (ਕਰਨ ਚੁਚਰਾ)-ਸਥਾਨਕ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੁੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ ਅਤੇ ਪਿ੍ੰਸੀਪਲ ਡਾ.ਨੀਤਿਕਾ ਦੀ ਯੋਗ ਅਗਵਾਈ ਹੇਠ ਇਕ ਵਿਸ਼ੇਸ਼ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ | ਇਸ ਲੈਕਚਰ ਦਾ ਮੁੱਖ ਵਿਸ਼ਾ 'ਅਧਿਆਪਕ ਦੀ ਅਸਲ ਭੂਮਿਕਾ' ਰਿਹਾ | ਇਸ ਮੌਕੇ ਜੇ.ਐਨ. ਇੰਟਰਨੈਸ਼ਨਲ ਸਕੂਲ ਤੋਂ ਪੀ.ਜੀ.ਟੀ.ਫਿਜ਼ਿਕਸ ਮਿਸਟਰ ਸੰਯਮ ਮੋਂਗਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਵਿਦਿਆਰਥੀਆਂ ਨਾਲ ਅਧਿਆਪਕ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਧਿਆਪਕ ਦਾ ਕੰਮ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਨਹੀਂ, ਸਗੋਂ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਵਿਦਿਆਰਥੀਆਂ ਨੂੰ ਸਵੈ-ਨਿਰਭਰ ਬਣਨ ਅਤੇ ਆਲੋਚਨਾਤਮਿਕ ਸੋਚ ਵਿਕਸਿਤ ਕਰਨ ਲਈ ਪ੍ਰੇਰਿਤ ਕਰਦਾ ਹੈ | ਸਮਾਗਮ ਦੇ ਅੰਤ ਵਿਚ ਪਿ੍ੰਸੀਪਲ ਡਾ.ਨੀਤਿਕਾ ਵਲੋਂ ਮਿਸਟਰ ਸੰਯਮ ਮੋਂਗਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |