ਅਬੋਹਰ, 7 ਮਈ (ਵਿਵੇਕ ਹੂੜੀਆ)-ਸਥਾਨਕ ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਨੂੰ ਮੁੱਖ ਰੱਖਦਿਆਂ ਇਕ ਵਿਸ਼ੇਸ਼ 'ਪਲੇਸਮੈਂਟ ਡਰਾਈਵ' ਦਾ ਆਯੋਜਨ ਕੀਤਾ ਗਿਆ | ਇਹ ਪ੍ਰੋਗਰਾਮ 'ਖ਼ੁਸ਼ੀ ਹੈਲਥ ਕੇਅਰ ਨਰਸਿੰਗ ਸਰਵਿਸਿਜ਼' ਵਲੋਂ ਕਰਵਾਇਆ ਗਿਆ, ਜਿਸ ਦਾ ਉਦੇਸ਼ ਨਰਸਿੰਗ ਅਤੇ ਸਕਿੱਲ ਡਿਵੈਲਪਮੈਂਟ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਬਿਹਤਰੀਨ ਮੌਕੇ ਪ੍ਰਦਾਨ ਕਰਨਾ ਸੀ | ਸ੍ਰੀਮਤੀ ਤਨੂੰ ਦੀ ਅਗਵਾਈ ਹੇਠ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿ੍ਹਆ ਗਿਆ | ਇਸ ਪਲੇਸਮੈਂਟ ਡਰਾਈਵ ਵਿਚ ਡਿਪਲੋਮਾ ਈਨ ਨਰਸਿੰਗ ਅਸਿਸਟੈਂਟ ਅਤੇ ਜਨਰਲ ਡਿਊਟੀ ਅਸਿਸਟੈਂਟ ਕੋਰਸ ਦੇ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ | ਕੰਪਨੀ ਦੇ ਨੁਮਾਇੰਦਿਆਂ ਵਲੋਂ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਅਤੇ ਵਿਹਾਰਕ ਹੁਨਰ ਦਾ ਮੁਲਾਂਕਣ ਕੀਤਾ ਗਿਆ | ਰਮਣੀਕ ਮਿੱਢਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਸਮਰਪਣ ਅਤੇ ਸੇਵਾ ਭਾਵਨਾ ਦੀ ਮਹੱਤਤਾ ਬਾਰੇ ਦੱਸਿਆ | ਸੰਸਥਾ ਦੀ ਚੇਅਰਪਰਸਨ ਡਾ.ਸ਼ਕੁੰਤਲਾ ਮਿੱਢਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਵਿਹਾਰਕ ਅਨੁਭਵ ਅਤੇ ਰੁਜ਼ਗਾਰ ਦਿਵਾਉਣ ਲਈ ਵਚਨਬੱਧ ਹੈ | ਇਸ ਮੌਕੇ ਕਈ ਹੋਣਹਾਰ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ | ਸਮਾਗਮ ਦੌਰਾਨ ਡਾ.ਰਾਜਵੀਰ ਕੌਰ ਪਿ੍ੰਸੀਪਲ, ਪਿ੍ਅੰਕਾ ਜੁਨੇਜਾ, ਰਜਨੀ ਬਾਲਾ, ਸਿਮਰਨ ਰਾਣੀ, ਸ਼ਰੂਤੀ, ਆਰੂਸ਼ੀ ਅਤੇ ਦੀਪਕ ਸ਼ਰਮਾ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |