ਅਬੋਹਰ, 7 ਮਈ (ਤੇਜਿੰਦਰ ਸਿੰਘ ਖ਼ਾਲਸਾ)-ਆਸਟੇ੍ਰਲੀਆ ਦੇ ਮਲਡੂਰਾ ਇਲਾਕੇ ਵਿਚ ਸ਼ਹੀਦ ਊਧਮ ਸਿੰਘ ਕਲੱਬ ਵਲੋਂ ਚੌਥਾ ਕਬੱਡੀ ਕੱਪ ਕਰਵਾਇਆ ਗਿਆ | ਜਿਸ ਵਿਚ ਕਬੱਡੀ ਤੋਂ ਇਲਾਵਾ ਪਹਿਲਵਾਨਾਂ ਦੇ ਘੋਲ, ਫੁੱਟਬਾਲ, ਕਿ੍ਕਟ, ਖੋ-ਖੋ, ਮਿਊਜ਼ਿਕ ਚੇਅਰ, ਰੱਸਾਕਸ਼ੀ ਅਤੇ ਬਜ਼ੁਰਗਾਂ ਲਈ 100 ਮੀਟਰ ਦੌੜਾਂ ਵੀ ਕਰਵਾਈਆਂ ਗਈਆਂ | ਇਸ ਮੌਕੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸੰਦੀਪ ਪਹਿਲਵਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਬਜ਼ੁਰਗਾਂ ਲਈ ਕਰਵਾਈ ਗਈ 100 ਮੀਟਰ ਦੌੜ ਵਿਚ ਅਬੋਹਰ ਦੀ ਏਕਤਾ ਕਾਲੋਨੀ ਦੇ ਵਸਨੀਕ ਬੂਟਾ ਸਿੰਘ ਵਿਰਕ ਕੁਹਾੜਿਆਂ ਵਾਲੀ ਨੇ ਵੀ ਹਿੱਸਾ ਲਿਆ | ਜਿਸ ਵਿਚ ਬੂਟਾ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਦੌਰਾਨ ਪ੍ਰਬੰਧਕਾਂ ਵਲੋਂ ਬੂਟਾ ਸਿੰਘ ਵਿਰਕ ਨੂੰ ਯਾਦਗਾਰੀ ਚਿੰਨ ਅਤੇ ਬਦਾਮਾਂ ਨਾਲ ਸਨਮਾਨਿਤ ਕੀਤਾ ਗਿਆ | ਬੂਟਾ ਸਿੰਘ ਵਿਰਕ ਨੇ ਨੌਜਵਾਨਾਂ ਨੂੰ ਖੇਡਾਂ ਪ੍ਰੀਤ ਜਾਗਰੂਕ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇਸ਼ ਅਤੇ ਵਿਦੇਸ਼ ਵਿਚ ਕਈ ਮਾਸਟਰ ਅਥਲੀਟ ਖੇਡਾਂ ਵਿਚ ਹਿੱਸਾ ਲੈ ਕੇ ਤਗਮੇ ਜਿੱਤੇ ਹਨ ਤਾਂ ਨੌਜਵਾਨੀ ਨੂੰ ਸੇਧ ਦੇ ਸਕਣ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫੈਲੇ ਨਸ਼ਿਆਂ ਦੇ ਜਾਲ ਨੂੰ ਖੇਡਾਂ ਨਾਲ ਹੀ ਤੋੜਿਆ ਜਾ ਸਕਦਾ ਹੈ | ਇਸ ਦੌਰਾਨ ਕੰਵਲਜੀਤ ਸਿੰਘ ਗਰੇਵਾਲ, ਹਰਮੇਸ਼ ਰੋਡਾ ਅਤੇ ਗਿੱਲ ਐਮ.ਪੀ ਮਲਡੂਰਾ ਵਲੋਂ ਸਾਰੇ ਜੇਤੂ ਖਿਡਾਰੀਆਂ ਨੂੰ ਨਕਦ ਪੈਸੇ, ਸ਼ੀਲਡਾਂ, ਮੈਡਲ ਅਤੇ ਬਦਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਕਬੱਡੀ ਕੱਪ ਵਿਚ ਸੈਂਕੜੇ ਪੰਜਾਬੀਆਂ ਸਣੇ ਵੱਖ-ਵੱਖ ਖ਼ਿੱਤੇ ਦੇ ਖਿਡਾਰੀਆਂ ਨੇ ਭਾਗ ਲਿਆ | ਬੂਟਾ ਸਿੰਘ ਵਿਰਕ ਦੀਆਂ ਵਿਦੇਸ਼ਾਂ ਵੀ ਲਗਾਤਾਰ ਉਪਲਬਧੀਆਂ ਕਾਰਨ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਵਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ |