ਅਬੋਹਰ, 7 ਮਈ (ਵਿਵੇਕ ਹੂੜੀਆ)-ਦਿਵਿਆਂਗਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਪ੍ਰਸਿੱਧ ਸਮਾਜ ਸੇਵੀ ਵਿਪਨ ਸ਼ਰਮਾ ਦੇ ਯਤਨਾਂ ਸਦਕਾ ਅੱਜ ਇਕ ਦਿਵਿਆਂਗ ਵਿਅਕਤੀ ਨੂੰ ਇਲੈਕਟਿ੍ਕ ਸਕੂਟੀ ਮੁਹੱਈਆ ਕਰਵਾਈ ਗਈ | ਸਕੂਟੀ ਮਿਲਣ ਤੋਂ ਬਾਅਦ ਦਿਵਿਆਂਗ ਤੇਜਿੰਦਰ ਕੁਮਾਰ ਦੇ ਚਿਹਰੇ 'ਤੇ ਖ਼ੁਸ਼ੀ ਸਾਫ਼ ਦਿਖਾਈ ਦੇ ਰਹੀ ਸੀ ਅਤੇ ਉਸ ਨੇ ਵਿਪਨ ਸ਼ਰਮਾ ਤੇ ਉਨ੍ਹਾਂ ਦੀ ਟੀਮ ਦਾ ਦਿਲੋਂ ਧੰਨਵਾਦ ਕੀਤਾ | ਜਾਣਕਾਰੀ ਦਿੰਦਿਆਂ ਵਿਪਨ ਸ਼ਰਮਾ ਨੇ ਦੱਸਿਆ ਕਿ ਚੰਡੀਗੜ੍ਹ ਮੁਹੱਲੇ ਦਾ ਰਹਿਣ ਵਾਲਾ ਤੇਜਿੰਦਰ ਕੁਮਾਰ ਬਾਜ਼ਾਰ ਨੰਬਰ 4 ਦੇ ਬਾਹਰ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ | ਕਿਰਾਏ ਦੇ ਮਕਾਨ ਵਿਚ ਰਹਿਣ ਕਾਰਨ ਉਸ ਦੀ ਆਰਥਿਕ ਹਾਲਤ ਕਾਫ਼ੀ ਕਮਜ਼ੋਰ ਹੈ ਅਤੇ ਉਸ ਕੋਲ ਘਰ ਤੋਂ ਮੰਡੀ ਤੱਕ ਆਉਣ-ਜਾਣ ਲਈ ਕੋਈ ਸਾਧਨ ਨਹੀਂ ਸੀ | ਉਹ ਜਾਂ ਤਾਂ ਕਿਸੇ ਤੋਂ ਲਿਫ਼ਟ ਲੈਂਦਾ ਸੀ ਜਾਂ ਫਿਰ ਟੈਂਪੂ ਦਾ ਕਿਰਾਇਆ ਭਰ ਕੇ ਆਪਣੀ ਰੇਹੜੀ ਤੱਕ ਪਹੁੰਚਦਾ ਸੀ | ਤੇਜਿੰਦਰ ਨੇ ਆਪਣੀ ਮੁਸ਼ਕਿਲ ਵਿਪਨ ਸ਼ਰਮਾ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਵਿਪਨ ਸ਼ਰਮਾ ਨੇ ਇਕ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ | ਜਿਸ ਕੋਲ ਵਾਧੂ ਇਲੈਕਟਿ੍ਕ ਸਕੂਟੀ ਪਈ ਸੀ | ਉਸ ਦਾਨੀ ਸੱਜਣ ਦੇ ਸਹਿਯੋਗ ਨਾਲ ਅੱਜ ਇਹ ਸਕੂਟੀ ਤੇਜਿੰਦਰ ਕੁਮਾਰ ਨੂੰ ਸੌਂਪ ਦਿੱਤੀ ਗਈ | ਇਸ ਮੌਕੇ ਵਿਪਨ ਸ਼ਰਮਾ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਦਿਵਿਆਂਗਾਂ ਨਾਲ ਸਬੰਧਿਤ ਕੋਈ ਵਾਧੂ ਸਾਮਾਨ ਪਿਆ ਹੈ, ਤਾਂ ਉਹ ਕਿਸੇ ਲੋੜਵੰਦ ਨੂੰ ਜ਼ਰੂਰ ਮੁਹੱਈਆ ਕਰਵਾਉਣ | ਇਸ ਮੌਕੇ ਅਸ਼ਵਨੀ ਬਿਸ਼ਨੋਈ, ਤੇਜ਼ ਰਾਮ, ਬਲਬੀਰ ਸਿੰਘ, ਬਿਮਲਾ ਰਾਣੀ, ਸੁੰਦਰ ਦੇਵੀ ਅਤੇ ਹੋਰ ਪਤਵੰਤੇ ਹਾਜ਼ਰ ਸਨ |