ਫ਼ਾਜ਼ਿਲਕਾ, 7 ਮਈ (ਅਮਰਜੀਤ ਸ਼ਰਮਾ)-ਸਿਹਤ ਵਿਭਾਗ ਅਤੇ ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ. ਐਡੀਸਨ ਐਰਿਕ ਦੀ ਅਗਵਾਈ 'ਚ ਜ਼ਿਲ੍ਹਾ ਹਸਪਤਾਲ ਵਿਖੇ 'ਫਾਇਰ ਸੇਫ਼ਟੀ ਹਫ਼ਤੇ' ਦੇ ਸਬੰਧ ਵਿਚ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਅਤੇ ਮੋਕ ਡਰਿੱਲ ਦਾ ਆਯੋਜਨ ਕੀਤਾ ਗਿਆ | ਫਾਇਰ ਬਿ੍ਗੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਹਸਪਤਾਲ ਦੇ ਸਟਾਫ਼, ਨਰਸਿੰਗ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਅੱਗ ਤੋਂ ਬਚਾਅ ਦੀਆਂ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਡਾ. ਐਡੀਸਨ ਐਰਿਕ ਨੇ ਦੱਸਿਆ ਕਿ 10 ਮਈ ਤੱਕ ਫਾਇਰ ਸੇਫ਼ਟੀ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਰੋਜ਼ਾਨਾ ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਮੋਕ ਡਰਿੱਲ ਦੌਰਾਨ ਫਾਇਰ ਫਾਈਟਰਾਂ ਨੇ ਪ੍ਰਦਰਸ਼ਨ ਕਰਕੇ ਦਿਖਾਇਆ ਕਿ ਜੇਕਰ ਗੈੱਸ ਸਿਲੰਡਰ ਨੂੰ ਅੱਗ ਲੱਗ ਜਾਵੇ ਤਾਂ ਗਿੱਲੇ ਜੂਟ ਜਾਂ ਸੂਤੀ ਕੱਪੜੇ ਅਤੇ ਪਾਣੀ ਦੀ ਬਾਲਟੀ ਦੀ ਵਰਤੋਂ ਕਰਕੇ ਉਸ 'ਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ | ਮਾਹਿਰਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਰਤ ਵਿਚ ਘਬਰਾਉਣ ਦੀ ਬਜਾਏ ਧੀਰਜ ਅਤੇ ਸੰਜਮ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ | ਸਟਾਫ਼ ਨੂੰ ਅਗਨੀਸ਼ਮਨ ਯੰਤਰਾਂ ਦੀ ਵਰਤੋਂ ਕਰਨ ਦਾ ਅਭਿਆਸ ਵੀ ਕਰਵਾਇਆ ਗਿਆ | ਕਿਸੇ ਵੀ ਐਮਰਜੈਂਸੀ ਦੀ ਸੂਰਤ ਵਿਚ ਤੁਰੰਤ ਸਹਾਇਤਾ ਲਈ ਫਾਇਰ ਬਿ੍ਗੇਡ ਦੇ ਨੰਬਰ 101 'ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ | ਡਾ. ਐਰਿਕ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕੀਮਤੀ ਜਾਨਾਂ ਬਚਾਉਣ ਵਿਚ ਸਹਾਈ ਸਿੱਧ ਹੁੰਦੇ ਹਨ |