ਫ਼ਾਜ਼ਿਲਕਾ, 7 ਮਈ (ਦਵਿੰਦਰ ਪਾਲ ਸਿੰਘ)-ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜ ਕਾਲ ਦੌਰਾਨ ਫ਼ਾਜ਼ਿਲਕਾ ਦੀ ਸਰਕਾਰੀ ਸਹਿਕਾਰੀ ਖੰਡ ਮਿੱਲ ਨੇ ਵਿਕਾਸ ਦੀਆਂ ਪੈੜਾਂ ਨੂੰ ਛੋਹਿਆ ਹੈ | ਪਹਿਲੀਆਂ ਸਰਕਾਰਾਂ ਦੇ ਸਮੇਂ 2021-2022 ਦੇ ਸਮੇਂ ਦੌਰਾਨ ਇਸ ਖੰਡ ਮਿਲ ਵਿਚ ਕੇਵਲ 4 ਲੱਖ 8800 ਕੁਇੰਟਲ ਗੰਨਾ ਇਸ ਮਿੱਲ ਵਿਚ ਆਉਂਦਾ ਸੀ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜ ਕਾਲ ਸਮੇਂ ਦੌਰਾਨ ਹੀ ਪਿਛਲੇ ਸਾਲ 2025 ਦੇ ਸੀਜ਼ਨ ਦੌਰਾਨ ਇਸ ਖੰਡ ਮਿੱਲ ਵਲੋਂ 11 ਲੱਖ 99 ਹਜ਼ਾਰ ਕੁਇੰਟਲ ਗੰਨਾ ਖ਼ਰੀਦਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਦੀ ਸਹਿਕਾਰੀ ਖੰਡ ਮਿੱਲ ਵਿਚ ਪੰਜਾਬ ਸਰਕਾਰ ਵਲੋਂ ਸਿਰਫ਼ ਗੰਨਾ ਖ਼ਰੀਦਣ ਦੀ ਸਮਰੱਥਾ ਵਿਚ ਹੀ ਵਾਧਾ ਨਹੀਂ ਕੀਤਾ ਗਿਆ, ਸਗੋਂ ਪਿਛਲੀ 2021 ਵਾਲੀ ਸਰਕਾਰ ਦੇ ਸਮੇਂ ਵਿਚ ਕਿਸਾਨਾਂ ਦਾ 14 ਕਰੋੜ ਤੋਂ ਵੱਧ ਦਾ ਬਕਾਇਆ ਅਤੇ 10 ਕਰੋੜ ਇਸ ਖੰਡ ਮਿਲ ਦੇ ਮੁਲਾਜ਼ਮ ਅਤੇ ਵਰਕਰਾਂ ਦੀ ਤਨਖ਼ਾਹ ਦਾ ਬਕਾਇਆ ਰਹਿੰਦਾ ਸੀ, ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜਾਰੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜ ਕਾਲ ਦੌਰਾਨ 2022 ਵਿਚ ਕਿਸਾਨਾਂ ਨੂੰ 16 ਕਰੋੜ 87 ਲੱਖ, 2023-24 'ਚ 28 ਕਰੋੜ ਇਕ ਲੱਖ ਰੁਪਏ 2025 ਵਿਚ 29 ਕਰੋੜ 51 ਲੱਖ ਰੁਪਏ ਗੰਨੇ ਦੀ ਬਣਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ | ਉਨ੍ਹਾਂ ਕਿਹਾ ਕਿ ਇੱਥੇ ਕੰਮ ਕਰਦੇ ਮੁਲਾਜ਼ਮਾਂ ਤੇ ਵਰਕਰਾਂ ਨੂੰ ਹੁਣ ਸਾਢੇ 20 ਕਰੋੜ ਰੁਪਏ ਦੀ ਤਨਖ਼ਾਹ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਮਿੱਲ ਨੂੰ ਲੈ ਕੇ ਜੋ ਵਾਅਦਾ ਕੀਤਾ ਗਿਆ ਸੀ, ਉਹ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਆਉਂਦਿਆਂ ਹੀ ਪੂਰਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸੀਜ਼ਨ ਦੌਰਾਨ ਉਨ੍ਹਾਂ ਨੂੰ ਇਸ ਤੋਂ ਵੀ ਵੱਧ 14 ਲੱਖ ਕੁਇੰਟਲ ਗੰਨਾ ਆਉਣ ਦੀ ਉਮੀਦ ਹੈ | ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਇੱਥੋਂ ਦੇ ਕਿਸਾਨਾਂ ਨੂੰ ਗੰਨੇ ਦੀ ਬਣਦੀ ਰਕਮ ਦੀ ਅਦਾਇਗੀ ਅਤੇ ਮੁਲਾਜ਼ਮਾਂ ਨੂੰ ਆਪਣੀਆਂ ਤਨਖ਼ਾਹਾਂ ਨਾ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਸੀ ਤੇ ਉਹ ਇਸ ਲਈ ਧਰਨੇ ਪ੍ਰਦਰਸ਼ਨ ਵੀ ਕਰਦੇ ਸਨ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਦੌਰਾਨ ਕਿਸਾਨਾਂ ਤੇ ਮੁਲਾਜ਼ਮਾਂ ਦੀਆਂ ਇੱਥੋਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਗਈਆਂ ਹਨ ਤਾਂ ਹੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹਨ |