ਫ਼ਾਜ਼ਿਲਕਾ,7 ਮਈ (ਦਵਿੰਦਰ ਪਾਲ ਸਿੰਘ)-ਬੀਤੀ ਦੇਰ ਸ਼ਾਮ ਸਥਾਨਕ ਘਾਹ ਮੰਡੀ ਸਥਿਤ ਇਕ ਸੁਨਿਆਰ ਦੀ ਦੁਕਾਨ 'ਤੇ ਕੁੱਝ ਵਿਅਕਤੀਆਂ ਵਲੋਂ ਹਮਲਾ ਕਰਨ ਅਤੇ ਆਪਸੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਦੋਵਾਂ ਧਿਰਾਂ ਵਿਚਕਾਰ ਕੁੱਟਮਾਰ ਅਤੇ ਗਾਲ਼ੀ ਗਲੋਚ ਦਾ ਸਿਲਸਿਲਾ ਜਾਰੀ ਰਿਹਾ | ਚੌਂਕ ਦੇ ਆਸ ਪਾਸ ਦੇ ਦੁਕਾਨਦਾਰ, ਜੋ ਦੁਕਾਨਾਂ ਬੰਦ ਕਰ ਰਹੇ ਸਨ, ਉਨ੍ਹਾਂ ਅੰਦਰ ਘਬਰਾਹਟ ਪੈਦਾ ਹੋ ਗਈ | ਪੁਲਿਸ ਦੇ ਆਉਣ ਤੱਕ ਦੋਵਾਂ ਧਿਰਾਂ ਵਿਚਕਾਰ ਘਮਸਾਣ ਜਾਰੀ ਸੀ | ਪੁਲਿਸ ਨੇ ਆ ਕੇ ਦੋਵਾਂ ਧਿਰਾਂ ਨੂੰ ਖਿੰਡਾਇਆ ਅਤੇ ਇਸ ਹਮਲੇ ਵਿਚ ਜ਼ਖ਼ਮੀ ਦੁਕਾਨਦਾਰ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ | ਪੀੜਤ ਦੁਕਾਨਦਾਰ ਸ਼ਾਮ ਸੁੰਦਰ ਨੇ ਦੱਸਿਆ ਕਿ ਘਾਹ ਮੰਡੀ ਵਿਚ ਉਨ੍ਹਾਂ ਦੇ ਚਾਚਾ-ਤਾਇਆ ਦੀ 'ਰਾਮ ਐਂਡ ਸੰਨਜ਼' ਨਾਮ ਦੀ ਪੁਰਾਣੀ ਦੁਕਾਨ ਹੈ | ਬੀਤੀ ਰਾਤ ਨੂੰ ਕੁੱਝ ਲੋਕ ਦੁਕਾਨ 'ਤੇ ਆਏ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਗਹਿਣੇ ਇੱਥੇ ਜਮਾ ਕਰਵਾਏ ਸਨ ਅਤੇ 20 ਹਜ਼ਾਰ ਰੁਪਏ ਵੀ ਦਿੱਤੇ ਸਨ | ਜਦੋਂ ਦੁਕਾਨਦਾਰ ਨੇ ਰਿਕਾਰਡ ਦੀ ਜਾਂਚ ਕੀਤੀ ਤਾਂ ਅਜਿਹਾ ਕੋਈ ਵੀ ਵੇਰਵਾ ਸਾਹਮਣੇ ਨਹੀਂ ਆਇਆ | ਇਸ ਗੱਲ ਤੋਂ ਗ਼ੁੱਸੇ ਵਿਚ ਆ ਕੇ ਉਕਤ ਲੋਕਾਂ ਨੇ ਦੁਕਾਨ ਅੰਦਰ ਵੜ ਕੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੁਕਾਨ ਵਿਚ ਭੰਨਤੋੜ ਵੀ ਕੀਤੀ | ਘਟਨਾ ਦਾ ਪਤਾ ਲੱਗਦਿਆਂ ਹੀ ਸਵਰਨਕਾਰ ਐਸੋਸੀਏਸ਼ਨ ਦੇ ਮੈਂਬਰ ਵੱਡੀ ਗਿਣਤੀ 'ਚ ਇਕੱਠੇ ਹੋ ਗਏ | ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਵਰਮਾ ਨੇ ਦੱਸਿਆ ਕਿ ਜਦੋਂ ਉਹ ਮਾਮਲਾ ਸ਼ਾਂਤ ਕਰਵਾਉਣ ਲਈ ਪਹੁੰਚੇ ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਬਦਤਮੀਜ਼ੀ ਅਤੇ ਧੱਕਾ-ਮੁੱਕੀ ਕੀਤੀ | ਯੂਨੀਅਨ ਨੇ ਇਸ ਨੂੰ ਸ਼ਰੇਆਮ ਗੁੰਡਾਗਰਦੀ ਕਰਾਰ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਜਲਦ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਸੰਘਰਸ਼ ਤੇਜ਼ ਕਰਦੇ ਹੋਏ ਸ਼ਹਿਰ ਬੰਦ ਕੀਤਾ ਜਾਵੇਗਾ | ਮੌਕੇ 'ਤੇ ਪਹੁੰਚੇ ਏ.ਐਸ.ਆਈ.ਪੂਰਨ ਸਿੰਘ ਨੇ ਦੱਸਿਆ ਕਿ ਹਮਲਾਵਰ ਆਪਣੀ ਕਾਰ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਏ ਹਨ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ | ਉਨ੍ਹਾਂ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਜਿਸ 'ਤੇ ਪੁਲਿਸ ਨੇ ਖ਼ਰੈਤ ਲਾਲ ਖ਼ਰਬਾਟ ਵਾਸੀ ਅਬੋਹਰ ਰੋਡ ਫ਼ਾਜ਼ਿਲਕਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਰਕੁੱਟ ਦਾ ਮਾਮਲਾ ਦਰਜ ਕੀਤਾ ਹੈ |