ਅਬੋਹਰ, 7 ਮਈ (ਵਿਵੇਕ ਹੂੜੀਆ)-ਅਬੋਹਰ ਦੇ ਸੀਤੋ ਰੋਡ ਰੇਲਵੇ ਫਾਟਕ ਨੇੜੇ ਬੀਤੀ ਦੇਰ ਰਾਤ ਇਕ ਅਣਪਛਾਤੇ ਨੌਜਵਾਨ ਦੀ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ | ਜੀ.ਆਰ.ਪੀ.ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਮਿ੍ਤਕ ਦੀ ਦੇਹ ਨੂੰ ਪਛਾਣ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ | ਜੀ.ਆਰ.ਪੀ. ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੀਤੋ ਰੋਡ ਫਾਟਕ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਇੱਕ ਨੌਜਵਾਨ ਦੀ ਲਾਸ਼ ਪਈ ਹੈ | ਪੁਲਿਸ ਮੁਤਾਬਿਕ ਨੌਜਵਾਨ ਦੀ ਮੌਤ ਟਰੇਨ ਦੀ ਟੱਕਰ ਨਾਲ ਹੋਈ ਜਾਪਦੀ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਮਿ੍ਤਕ ਦੀ ਸਾਈਕਲ ਘਟਨਾ ਸਥਾਨ ਤੋਂ ਕੁੱਝ ਦੂਰੀ 'ਤੇ ਸੂਰਜ ਨਗਰੀ ਨੂੰ ਜਾਣ ਵਾਲੇ ਰਸਤੇ 'ਤੇ ਖੜ੍ਹੀ ਮਿਲੀ ਹੈ | ਸੂਚਨਾ ਮਿਲਦੇ ਹੀ ਇੰਸਪੈਕਟਰ ਸਤੀਸ਼ ਕੁਮਾਰ ਅਤੇ ਅਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਪੁਲਿਸ ਅਨੁਸਾਰ ਮਿ੍ਤਕ ਦੀ ਉਮਰ ਕਰੀਬ 30 ਤੋਂ 35 ਸਾਲ ਦੇ ਵਿਚਕਾਰ ਹੈ | ਉਸ ਨੇ ਅਸਮਾਨੀ ਨੀਲੇ ਰੰਗ ਦੀ ਟੀ-ਸ਼ਰਟ ਅਤੇ ਚੈੱਕਦਾਰ ਕੈਪਰੀ ਪਹਿਨੀ ਹੋਈ ਹੈ | ਮਿ੍ਤਕ ਦੇ ਇੱਕ ਹੱਥ 'ਤੇ ਵੀ.ਕੇ.ਲਿਖਿਆ ਹੋਇਆ ਹੈ ਅਤੇ ਲਵ ਦਾ ਟੈਟੂ ਵੀ ਬਣਿਆ ਹੋਇਆ ਹੈ | ਪੁਲਿਸ ਵਲੋਂ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ, ਪਰ ਅਜੇ ਤੱਕ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ | ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ |