ਅਬੋਹਰ, 29 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਕਾਂਗਰਸ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਕਾਂਗਰਸ ਵਲੋਂ ਮਨਰੇਗਾ ਬਚਾਓ ਮੁਹਿੰਮ ਤਹਿਤ ਵੱਡੇ ਪੱਧਰ 'ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਪੰਜਾਬ ਦੇ ਸਮੁੱਚੇ ਵਿਧਾਨ ਸਭਾ ਹਲਕਿਆਂ 'ਚ ਲੋਕਾਂ ਨੂੰ ਮਨਰੇਗਾ ਬਚਾਓ ਮੁਹਿੰਮ ਤਹਿਤ ਜਾਗਰੂਕ ਵੀ ਕੀਤਾ ਜਾ ਰਿਹਾ ਹੈ | ਇਸ ਲੜੀ ਤਹਿਤ ਵਿਧਾਨ ਸਭਾ ਬੱਲੂਆਣਾ ਦੇ ਹਲਕਾ ਇੰਚਾਰਜ ਬੀਬੀ ਰਜਿੰਦਰ ਕੌਰ ਨੇ ਪਿੰਡ ਹਿੰਮਤਪੁਰਾ ਵਿਖੇ ਮਨਰੇਗਾ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਉਨ੍ਹਾਂ ਨੂੰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਲੋਂ ਮਨਰੇਗਾ ਯੋਜਨਾ ਖ਼ਤਮ ਕੀਤੇ ਜਾਣ ਦੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਮਨਰੇਗਾ ਯੋਜਨਾ ਖ਼ਤਮ ਕਰਕੇ ਕੇਂਦਰ ਸਰਕਾਰ ਮਜ਼ਦੂਰਾਂ ਦਾ ਹੱਕ ਖੋਹਣਾ ਚਾਹੁੰਦੀ ਹੈ ਤੇ ਜੀ ਰਾਮ ਜੀ ਸਕੀਮ ਤਹਿਤ ਕਈ ਪਾਬੰਦੀਆਂ ਲਗਾਈਆਂ ਜਾਣਗੀਆਂ, ਜਿਸ ਨੂੰ ਕਾਂਗਰਸ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਜਿਸ ਤਹਿਤ ਕਾਂਗਰਸ ਹਾਈਕਮਾਨ ਵਲੋਂ ਵੱਡੇ ਪੱਧਰ 'ਤੇ ਲੋਕਾਂ ਨੂੰ ਮਨਰੇਗਾ ਬਚਾਓ ਮੁਹਿੰਮ ਤਹਿਤ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਦੌਰਾਨ ਪਿੰਡ ਹਿੰਮਤਪੁਰਾ ਦੇ ਕਈ ਪਤਵੰਤੇ ਲੋਕ ਵੀ ਹਾਜ਼ਰ ਸਨ |