ਮਮਦੋਟ, 29 ਜਨਵਰੀ (ਸੁਖਦੇਵ ਸਿੰਘ ਸੰਗਮ)-ਬੀ. ਐੱਸ. ਐੱਫ. ਵਲੋਂ ਚੌਕਸੀ ਤੇ ਮੁਸਤੈਦੀ ਵਰਤਦੇ ਹੋਏ ਸਰਹੱਦੀ ਪਿੰਡ ਗਜਨੀ ਵਾਲਾ (ਦੋਨੋਂ ਮੱਤੜ) ਤੋਂ 339 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਸਕਰੀ ਦੀ ਕੋਸ਼ਿਸ਼ ਨੂੰ ਇਕ ਵਾਰ ਫਿਰ ਨਾਕਾਮ ਕਰ ਦਿੱਤਾ ਗਿਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੀ 158 ਬਟਾਲੀਅਨ ਦੇ ਇਸ ਖੇਤਰ ਵਿਚ ਡਿਊਟੀ 'ਤੇ ਤਾਇਨਾਤ ਜਵਾਨਾਂ ਨੂੰ ਗੁਪਤ ਸੂਹ ਮਿਲੀ ਸੀ ਕਿ ਪਿੰਡ ਗਜਨੀ ਵਾਲਾ (ਦੋਨੋਂ ਮੱਤੜ) ਦੇ ਗੁਰਦੁਆਰਾ ਸਾਹਿਬ ਦੇ ਕੋਲ ਪੀਲੇ ਰੰਗ ਦੀ ਟੇਪ 'ਚ ਲਪੇਟਿਆ ਹੋਇਆ ਇਕ ਸ਼ੱਕੀ ਪੈਕਟ ਲਾਵਾਰਸ ਹਾਲਾਤ ਵਿਚ ਪਿਆ ਹੋਇਆ ਹੈ | ਸੂਚਨਾ ਉਪਰੰਤ ਬੀ. ਐੱਸ. ਐੱਫ. ਜਵਾਨਾਂ ਦੁਆਰਾ ਤੁਰੰਤ ਹਰਕਤ 'ਚ ਆਉਂਦਿਆਂ ਮੌਕੇ 'ਤੇ ਪੁੱਜ ਕੇ ਉਕਤ ਪੈਕਟ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੜਤਾਲ ਕੀਤੀ ਗਈ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 339 ਗ੍ਰਾਮ ਦੱਸਿਆ ਗਿਆ ਹੈ | ਸੁਰੱਖਿਆ ਫੋਰਸ ਦੇ ਅਧਿਕਾਰੀਆਂ ਦੁਆਰਾ ਉਕਤ ਪੈਕਟ ਨੂੰ ਪੁਲਿਸ ਥਾਣਾ ਲੱਖੋਂ ਕਿ ਬਹਿਰਾਮ ਦੇ ਹਵਾਲੇ ਕਰ ਦਿੱਤਾ ਹੈ ਤਾਂ ਕਿ ਇਸ ਦੀ ਅਗਲੇਰੀ ਜਾਂਚ ਕਰਕੇ ਸੰਬੰਧਿਤ ਤਸਕਰਾਂ ਨੂੰ ਸਾਹਮਣੇ ਲਿਆਂਦਾ ਜਾ ਸਕੇ |