ਫ਼ਾਜ਼ਿਲਕਾ, 22 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ | ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਵਿਧਾਇਕ ਫੌਜਾ ਸਿੰਘ ਸਰਾਰੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਦੌਰਾਨ ਵਿਧਾਇਕ ਸਵਨਾ ਨੇ ਪ੍ਰਕਾਸ਼ ਸਿੰਘ ਵਾਰਵਲ ਨੂੰ ਰਾਏ ਸਿੱਖ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਬਣਾਉਣ ਅਤੇ ਸੁਖਵਿੰਦਰ ਕੰਬੋਜ ਨੂੰ ਕੰਬੋਜ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਬਣਾਉਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਨਵੇਂ ਬਣੇ ਚੇਅਰਮੈਨਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਚੇਅਰਮੈਨ ਤਨਦੇਹੀ ਨਾਲ ਨਿਭਾਉਣਗੇ ਤੇ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰਾ ਉੱਤਰਨਗੇ | ਇਸ ਦੌਰਾਨ ਵਿਧਾਇਕ ਸਵਨਾ ਨੇ ਫ਼ਾਜ਼ਿਲਕਾ ਹਲਕੇ ਦੇ ਲੋਕਾਂ ਦੇ ਰਹਿੰਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਗੱਲਬਾਤ ਕੀਤੀ | ਜਿਸ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਮਸਲਿਆਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿਤਾਂ ਲਈ ਲਗਾਤਾਰ ਕੰਮ ਕਰ ਰਹੀ ਹੈ ਇਸ ਕਰਕੇ ਲੋਕ ਦੀ ਸੇਵਾ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਤੇ ਪੰਜਾਬ ਸਰਕਾਰ ਲੋਕ ਭਲਾਈ ਲਈ ਵਚਨਬੱਧ ਹੈ |