ਫ਼ਾਜ਼ਿਲਕਾ, 22 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਪਿੰਡ ਜੌੜਕੀ ਅੰਧੇ ਵਾਲੀ 'ਚ ਇਕ ਪਰਿਵਾਰ ਦੀ ਕਾਰ ਹਾਦਸਾਗ੍ਰਸਤ ਹੋ ਗਈ | ਜਿਸ 'ਚ ਔਰਤ ਸਣੇ ਦੋ ਜਣਿਆਂ ਦੀ ਮੌਤ ਦੀ ਖ਼ਬਰ ਹੈ | ਹਾਦਸੇ 'ਚ ਪਰਿਵਾਰ ਦੇ ਚਾਰ ਜਣੇ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਦੇ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਜਿਥੇ ਚਾਰ ਜਣਿਆ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਵੱਡੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ | ਜਿਥੋਂ ਸੂਚਨਾ ਮਿਲ ਰਹੀ ਹੈ ਕਿ ਇਕ ਔਰਤ ਨੇ ਵੀ ਦਮ ਤੋੜ ਦਿੱਤਾ ਹੈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਇਕ ਲੜਕੀ ਨੂੰ ਦਵਾਈ ਦਿਵਾਉਣ ਦੇ ਲਈ ਢਾਣੀ ਫੁੰਮਣ ਸਿੰਘ ਤੋਂ ਪਿੰਡ ਜੌੜਕੀ ਅੰਧੇ ਵਾਲੀ ਆ ਰਹੇ ਸਨ | ਇਸ ਦੌਰਾਨ ਕਾਰ 'ਚ ਸਵਾਰ 5 ਜਣਿਆ ਨਾਲ ਇਹ ਹਾਦਸਾ ਵਾਪਰਿਆ ਹੈ | ਸੜਕ 'ਤੇ ਖੜ੍ਹੇ ਟਰਾਲੇ 'ਚ ਉਨ੍ਹਾਂ ਦੀ ਕਾਰ ਟਕਰਾ ਕੇ ਹਾਦਸਾਗ੍ਰਸਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਜਗਸੀਰ ਸਿੰਘ ਨਾਂਅ ਦੇ ਵਿਅਕਤੀ ਨੂੰ ਮਿ੍ਤਕ ਐਲਾਨ ਦਿੱਤਾ ਜਦਕਿ ਬਾਕੀਆਂ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੱਡੇ ਹਸਪਤਾਲ ਇਲਾਜ ਲਈ ਭੇਜਿਆ ਗਿਆ | ਫ਼ਾਜ਼ਿਲਕਾ ਜ਼ਿਲ੍ਹਾ ਹਸਪਤਾਲ ਦੇ ਐੱਸ. ਐਮ. ਓ. ਡਾ. ਐਡੀਸ਼ਨ ਐਰਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਹਾਦਸੇ ਦੇ ਸੰਬੰਧਿਤ ਫ਼ੋਨ ਆਇਆ ਸੀ | ਜਿਸ ਨੂੰ ਲੈ ਕੇ ਹਸਪਤਾਲ ਦੀ ਡਾਕਟਰਾਂ ਦੀ ਟੀਮ ਜ਼ਖ਼ਮੀਆਂ ਤੋਂ ਪਹਿਲਾ ਹੀ ਪਹੁੰਚ ਗਈ ਸੀ. ਜਿਨ੍ਹਾਂ ਨੇ ਜ਼ਖ਼ਮੀਆਂ ਦੇ ਆਉਂਦੇ ਹੀ ਇਲਾਜ ਸ਼ੁਰੂ ਕਰ ਦਿੱਤਾ | ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ 'ਚ ਸਰਜਨ ਡਾ. ਅਰਪਿਤ ਗੁਪਤਾ, ਆਰਥੋ ਸਰਜਨ ਨਿਸ਼ਾਂਤ ਸੇਤੀਆ, ਡਾ. ਭੁਪੇਨ, ਡਾ. ਰੁਪਾਲੀ ਆਦਿ ਵਲੋਂ ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ | ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਹੋਰ ਬਿਹਤਰ ਇਲਾਜ ਲਈ ਰੈਫ਼ਰ ਕੀਤਾ | ਉਨ੍ਹਾਂ ਦੱਸਿਆ ਕਿ ਟਰਾਲੀ ਨਾਲ ਇਹ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ 5 ਜ਼ਖ਼ਮੀ ਆਏ ਸਨ, ਜਿਨ੍ਹਾਂ ਦੇ ਸਿਰ ਉੱਪਰ ਸੱਟਾਂ ਸੀ | ਜਦਕਿ ਇਕ ਦੀ ਇਸ ਹਾਦਸੇ 'ਚ ਮੌਤ ਹੋ ਗਈ | ਹਸਪਤਾਲ ਪ੍ਰਸ਼ਾਸਨ ਵਲੋਂ ਮਿ੍ਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ ਜਦਕਿ ਬਠਿੰਡਾ ਦੇ ਏਮਜ਼ ਹਸਪਤਾਲ ਤੋਂ ਖੁਸ਼ਪ੍ਰੀਤ ਨਾਂਅ ਦੀ ਔਰਤ ਦੀ ਲਾਸ਼ ਫ਼ਾਜ਼ਿਲਕਾ ਲਿਆਂਦੀ ਜਾ ਰਹੀ ਹੈ |