ਫ਼ਾਜ਼ਿਲਕਾ, 22 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁਰਾਦ ਵਾਲਾ ਭੋਮਗੜ੍ਹ 'ਚ ਸੱਤ ਭੈਣਾਂ ਦੇ ਇਕਲੌਤੇ ਭਰਾ ਅਤੇ ਮਾਂ ਦੇ ਇਕਲੌਤੇ ਸਹਾਰੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਇਹ ਕਤਲ ਲੜਾਈ ਝਗੜੇ ਦੌਰਾਨ ਕੀਤਾ ਗਿਆ | ਝਗੜੇ 'ਚ ਇਕ ਨੌਜਵਾਨ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ | ਜ਼ਖ਼ਮੀ ਦੀ ਹਾਲਤ ਗੰਭੀਰ ਦੇਖਦਿਆਂ ਹੋਇਆ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ | ਪੁਲਿਸ ਨੇ ਇਸ ਮਾਮਲੇ ਵਿਚ ਔਰਤ ਸਣੇ ਤਿੰਨ ਜਣਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੇ ਰਿਸ਼ਤੇਦਾਰਾਂ ਸੁਰਿੰਦਰ ਕੁਮਾਰ, ਅਸ਼ਵਨੀ, ਦਿਨੇਸ਼ ਕੁਮਾਰ ਨੇ ਦੱਸਿਆ ਕਿ ਪਵਨ ਉਰਫ਼ ਸੱਜਣ ਕੁਮਾਰ ਤੇ ਕੁਲਦੀਪ ਕੁਮਾਰ ਬਾਜ਼ਾਰ ਤੋਂ ਸਾਮਾਨ ਲੈ ਕੇ ਘਰ ਆ ਰਹੇ ਸਨ | ਇਸ ਦੌਰਾਨ ਹਰਜਿੰਦਰ ਸਿੰਘ ਨਾਂਅ ਦਾ ਵਿਅਕਤੀ ਉਨ੍ਹਾਂ ਨੂੰ ਘਰ ਲੈ ਗਿਆ, ਜਿਥੇ ਤੇਜ਼ਧਾਰ ਹਥਿਆਰਾਂ ਨਾਲ ਪਵਨ 'ਤੇ ਹਮਲਾ ਕਰ ਦਿੱਤਾ | ਜਦੋਂ ਉਸ ਦਾ ਸਾਥੀ ਉਸ ਨੂੰ ਬਚਾਉਣ ਲਈ ਗਿਆ ਤਾਂ ਉਨ੍ਹਾਂ ਨੇ ਉਸ 'ਤੇ ਵੀ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਈ ਰੰਜਸ਼ ਨਹੀਂ ਸੀ, ਪਰ ਹਰਜਿੰਦਰ ਸਿੰਘ ਨਾਂਅ ਦਾ ਵਿਅਕਤੀ ਜੋ ਕਿ ਕਿਸੇ ਹੋਰ ਪਿੰਡ ਨੂੰ ਛੱਡ ਕੇ ਉਨ੍ਹਾਂ ਦੇ ਪਿੰਡ ਵਿਚ ਰਹਿਣ ਲਈ ਆਇਆ ਸੀ | ਦੋ ਤਿੰਨ ਸਾਲਾਂ ਤੋਂ ਉਸ ਨੇ ਉਨ੍ਹਾਂ ਦੇ ਪਿੰਡ ਵਿਚ ਜ਼ਮੀਨ ਲਈ ਹੈ, ਜੋ ਕਿ ਕਤਲ ਕਰਨ ਦੀ ਗੱਲ ਕਰਦਾ ਸੀ | ਉਨ੍ਹਾਂ ਦੱਸਿਆ ਕਿ ਦਿਹਾੜੀ ਮਜ਼ਦੂਰੀ ਕਰ ਮਿ੍ਤਕ ਪਵਨ ਆਪਣਾ ਗੁਜ਼ਾਰਾ ਕਰਦਾ ਸੀ ਤੇ ਸੱਤ ਭੈਣਾਂ ਦਾ ਇਕਲੌਤਾ ਭਰਾ ਸੀ | ਬਜ਼ੁਰਗ ਮਾਂ ਦਾ ਪਵਨ ਸਹਾਰਾ ਸੀ | ਉਸ ਦਾ ਰਿਸ਼ਤਾ ਹੋਇਆ ਸੀ ਪਰ ਹਾਲੇ ਵਿਆਹ ਨਹੀਂ ਸੀ ਹੋਇਆ | ਉਨ੍ਹਾਂ ਕਿਹਾ ਕਿ ਪਿੰਡ ਦੇ ਨਾਲ ਤਾਰਬੰਦੀ ਦਾ ਕੰਮ ਚੱਲ ਰਿਹਾ ਹੈ | ਜਿਥੇ ਇਹ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਇਕ ਦੁਕਾਨ ਤੋਂ ਸਾਮਾਨ ਲੈ ਕੇ ਘਰ ਜਾ ਰਿਹਾ ਸੀ | ਜਿਥੇ ਉਸ ਨੂੰ ਘਰੇ ਲਿਜਾ ਕੇ ਇਸ ਦੀ ਹੱਤਿਆ ਕੀਤੀ ਗਈ | ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਫਾਂਸੀ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਮਿ੍ਤਕ ਤੇ ਜ਼ਖ਼ਮੀ ਰਿਸ਼ਤੇਦਾਰੀ 'ਚ ਆਪਸ 'ਚ ਭਰਾ ਲੱਗਦੇ ਸਨ | ਇਸ ਮਾਮਲੇ 'ਚ ਥਾਣਾ ਖੂਈ ਖੇੜਾ ਦੇ ਐੱਸ. ਐੱਚ. ਓ. ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਨੂੰ ਪਿੰਡ ਮੁਰਾਦ ਵਾਲਾ ਭੋਮਗੜ੍ਹ 'ਚ ਦੋਹਾਂ ਪਾਰਟੀਆਂ ਦਾ ਝਗੜਾ ਹੋਇਆ ਸੀ, ਜਿਥੇ ਪਵਨ ਕੁਮਾਰ ਪੁੱਤਰ ਓਮ ਪ੍ਰਕਾਸ਼ ਅਤੇ ਕੁਲਦੀਪ ਕੁਮਾਰ ਪੁੱਤਰ ਲਾਲ ਸਿੰਘ ਦਾ ਦੂਜੀ ਧਿਰ ਹਰਜਿੰਦਰ ਸਿੰਘ ਨਾਲ ਝਗੜਾ ਹੋ ਗਿਆ | ਜਿਸ 'ਚ ਪਵਨ ਕੁਮਾਰ ਦੀ ਮੌਤ ਹੋ ਗਈ ਜਦਕਿ ਕੁਲਦੀਪ ਕੁਮਾਰ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ | ਇਸ ਮਾਮਲੇ ਵਿਚ ਪੀੜਤ ਧਿਰ ਦੇ ਬਿਆਨ ਦਰਜ ਕਰਕੇ ਹਰਜਿੰਦਰ ਸਿੰਘ, ਉਸ ਦੀ ਪਤਨੀ ਹਰਪ੍ਰੀਤ ਕੌਰ ਤੇ ਉਸ ਦੇ ਪੁੱਤਰ ਹੁਸਨ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ਪਿੱਛੇ ਵਜ੍ਹਾ ਰੰਜਸ਼ ਇਹ ਹੈ ਕਿ ਦੋਨੋਂ ਇਕੱਠੇ ਦਿਹਾੜੀ ਜਾਂਦੇ ਸਨ, ਜਿਥੇ ਸ਼ਰਾਬ ਪੀਣ ਕਾਰਨ ਇਨ੍ਹਾਂ ਦਾ ਪਹਿਲਾ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਕੱਲ੍ਹ ਮੁੜ ਤੋਂ ਇਨ੍ਹਾਂ ਵਿਚਕਾਰ ਤਕਰਾਰ ਹੋਈ ਅਤੇ ਇਹ ਭਾਣਾ ਵਾਪਰ ਗਿਆ | ਉਨ੍ਹਾਂ ਕਿਹਾ ਕਿ ਵਾਰਦਾਤ ਹਰਜਿੰਦਰ ਸਿੰਘ ਦੇ ਘਰ ਹੋਈ ਹੈ | ਉਨ੍ਹਾਂ ਕਿਹਾ ਕਿ ਤੇਜ਼ਧਾਰ ਹਥਿਆਰ ਤੇ ਲੱਕੜ ਦੇ ਦਸਤੇ ਨਾਲ ਵਾਰ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ | ਜਲਦ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |