ਘਰੋਟਾ, 7 ਮਈ (ਸੰਜੀਵ ਗੁਪਤਾ)-ਸਾਬਕਾ ਸੰਸਦੀ ਸਕੱਤਰ ਅਤੇ ਸੀਨੀਅਰ ਭਾਜਪਾ ਨੇਤਾ ਸੀਮਾ ਕੁਮਾਰੀ ਨੇ ਪੰਜਾਬ ਵਿਚ ਚੱਲ ਰਹੀਆਂ ਕਾਨੂੰਨ ਵਿਵਸਥਾ ਦੀਆਂ ਘਟਨਾਵਾਂ ਅਤੇ ਬੰਬ ਧਮਾਕਿਆਂ ਨੂੰ ਸੂਬਾ ਸਰਕਾਰ ਦੀ ਵੱਡੀ ਅਸਫਲਤਾ ਦੱਸਿਆ ਹੈ | ਘਰੋਟਾ ਖੇਤਰ ਵਿਚ ਕਿਸਾਨ ਮੋਰਚਾ ਦੇ ਇਕ ਸੀਨੀਅਰ ਨੇਤਾ ਦੇ ਘਰ ਸੋਗ ਪ੍ਰਗਟ ਕਰਨ ਆਈ ਸੀਮਾ ਕੁਮਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਹੋਏ ਬੰਬ ਧਮਾਕਿਆਂ, ਗੈਂਗਵਾਰਾਂ ਅਤੇ ਅਪਰਾਧ ਦੀਆਂ ਘਟਨਾਵਾਂ ਨੇ ਆਮ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸਥਿਤੀ ਨੂੰ ਸੰਭਾਲਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ | ਸੀਮਾ ਕੁਮਾਰੀ ਨੇ ਕਿਹਾ ਕਿ ਪੰਜਾਬ ਵਰਗੇ ਸੰਵੇਦਨਸ਼ੀਲ ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਾਈ ਰੱਖਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ | ਪਰ ਮੌਜੂਦਾ ਸਰਕਾਰ ਇਸ ਮੋਰਚੇ 'ਤੇ ਪੂਰੀ ਤਰ੍ਹਾਂ ਅਸਫਲ ਜਾਪਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੀ ਢਿੱਲੀ ਕਾਰਵਾਈ ਸਮਾਜ ਵਿਰੋਧੀ ਅਨਸਰਾਂ ਨੂੰ ਹੌਸਲਾ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ | ਪੱਛਮੀ ਬੰਗਾਲ ਸਮੇਤ ਤਿੰਨ ਰਾਜਾਂ ਵਿਚ ਭਾਜਪਾ ਦੀ ਹਾਲੀਆ ਜਿੱਤ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਸੀਮਾ ਕੁਮਾਰੀ ਨੇ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਨੇ ਦੇਸ਼ ਭਰ ਵਿਚ ਭਾਜਪਾ ਵਰਕਰਾਂ ਦਾ ਉਤਸ਼ਾਹ ਵਧਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਨੂੰ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿਚ ਲਗਾਤਾਰ ਸਮਰਥਨ ਮਿਲ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਵਿਚ ਪਾਰਟੀ ਲਈ ਵੀ ਅਜਿਹਾ ਹੀ ਮਾਹੌਲ ਉੱਭਰ ਰਿਹਾ ਹੈ | ਭਾਜਪਾ ਵਰਕਰ ਹੁਣ ਪੂਰੀ ਤਾਕਤ ਅਤੇ ਉਤਸ਼ਾਹ ਨਾਲ ਪੰਜਾਬ ਵਿਚ ਸਰਕਾਰ ਬਣਾਉਣ ਲਈ ਦਿ੍ੜ੍ਹ ਹਨ | ਸੀਮਾ ਕੁਮਾਰੀ ਨੇ ਕਿਹਾ ਕਿ ਭਾਜਪਾ ਰਾਸ਼ਟਰੀ ਹਿਤ, ਵਿਕਾਸ ਅਤੇ ਮਜ਼ਬੂਤ ਕਾਨੂੰਨ ਵਿਵਸਥਾ ਲਈ ਰਾਜਨੀਤੀ ਕਰਦੀ ਹੈ ਅਤੇ ਪੰਜਾਬ ਦੇ ਲੋਕ ਭਵਿੱਖ ਵਿਚ ਭਾਜਪਾ ਨੂੰ ਇਕ ਮਜ਼ਬੂਤ ਵਿਕਲਪ ਵਜੋਂ ਵੀ ਦੇਖਦੇ ਹਨ | ਇਸ ਮੌਕੇ ਸੀਨਾ ਕੁਮਾਰੀ, ਸੀਨੀਅਰ ਆਗੂ ਵਿਨੋਦ ਕੁਮਾਰ, ਮੰਡਲ ਪ੍ਰਧਾਨ ਸੰਜੀਵ ਪਠਾਨੀਆ, ਮੁੱਖ ਸਕੱਤਰ ਦਿਲਬਾਗ ਸਿੰਘ, ਭਾਜਪਾ ਸ਼ਹਿਰੀ ਪ੍ਰਧਾਨ ਬਲਬੀਰ ਸਿੰਘ, ਬੋਧ ਰਾਜ, ਦਿਆਲ ਸਿੰਘ, ਡਾ: ਅਸ਼ੋਕ, ਗੌਰਵ ਸਿੰਘ, ਭੁਪਿੰਦਰ ਸਿੰਘ, ਦਰਸ਼ਨ ਸਿੰਘ, ਵਿਕਾਸ ਅਤੇ ਹੋਰ ਵਰਕਰ ਹਾਜ਼ਰ ਸਨ |