ਸ਼ਾਹਪੁਰ ਕੰਢੀ, 7 ਮਈ (ਰਣਜੀਤ ਸਿੰਘ)-ਆਪਣੀ ਸਿਆਸੀ ਸ਼ਾਖਾ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ਼ ਆਰ.ਐਸ.ਐਸ. ਤੇ ਇਸ ਦੇ ਸਹਿਯੋਗੀ ਲੋਕਰਾਜੀ ਤਰੀਕੇ ਨਾਲ ਚੋਣਾਂ ਨਹੀਂ ਜਿੱਤ ਰਹੇ, ਬਲਕਿ ਇਸ ਨਾਪਾਕ ਕਾਰਪੋਰੇਟ ਫਾਸਿਸਟ ਗੱਠਜੋੜ ਵਲੋਂ ਫਿਰਕੂ ਕਤਾਰਬੰਦੀ, ਘੱਟ ਗਿਣਤੀ ਖਿਲਾਫ਼ ਨਫਰਤੀ ਕੂੜ ਪ੍ਰਚਾਰ, ਕਾਰਪੋਰੇਟਾਂ ਤੋਂ ਪ੍ਰਾਪਤ ਕੀਤੀ ਬੇਸ਼ੁਮਾਰ ਮਾਇਆ ਨਾਲ ਲੋਕ ਫਤਵਾ ਉਧਾਲਿਆ ਜਾ ਰਿਹਾ ਹੈ | ਭਾਰਤ ਦਾ ਮੁੱਖ ਚੋਣ ਕਮਿਸ਼ਨ ਨਿਆਂ ਪ੍ਰਣਾਲੀ ਦਾ ਵੱਡਾ ਹਿੱਸਾ, ਪੁਲਿਸ ਤੇ ਸੁਰੱਖਿਆ ਬਲ ਵੀ ਇਨ੍ਹਾਂ ਗੈਰ ਸੰਵਿਧਾਨਕ ਕਾਰਿਆਂ ਦੀ ਹਮਾਇਤ ਕਰ ਰਹੇ ਹਨ | ਇਹ ਸ਼ਬਦ ਸ਼ਹੀਦ ਰਾਮ ਸਿੰਘ ਪਠਾਨੀਆ ਕਿਰਤੀ ਕੇਂਦਰ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਪੁੱਜੇ ਆਰ.ਐਮ.ਪੀ.ਆਈ. ਦੇ ਜਰਨਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਵੱਡੀ ਗਿਣਤੀ 'ਚ ਸ਼ਾਮਿਲ ਸਾਥੀਆਂ ਨੰੂ ਕਹੇ | ਉਨ੍ਹਾਂ ਕਿਹਾ ਕਿ ਭਾਜਪਾ ਤੇ ਸੰਘ ਪਰਿਵਾਰ ਜਿਸ ਬੇਰਹਿਮੀ ਨਾਲ ਭਾਰਤ ਦੇ ਸੰਵਿਧਾਨ, ਦੇਸ਼ ਦੀ ਹੋਂਦ, ਭੂਗੋਲਿਕ ਅਖੰਡਤਾ ਦੇ ਮੂਲ ਅਧਾਰ, ਲੋਕ ਰਾਜ, ਧਰਮ ਨਿਰਪੱਖਤਾ ਤੇ ਫੈਡਰਲ ਅਧਿਕਾਰਾਂ ਦਾ ਖਾਤਮਾ ਕਰਦੇ ਜਾ ਰਹੇ ਹਨ, ਉਹ ਦੇਸ਼ ਦੇ ਸੁਰੱਖਿਅਤ ਭਵਿੱਖ ਦੇ ਚਾਹਵਾਨਾਂ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਲਾਗੂ ਕੀਤੀਆਂ ਨੀਤੀਆਂ ਸਦਕਾ ਦੇਸ਼ ਦੇ ਗਰੀਬਾਂ ਨੰੂ ਬੇਰੁਜ਼ਗਾਰੀ, ਮਹਿੰਗਾਈ, ਗੁਰਬਤ-ਭੁੱਖਮਰੀ, ਕੁਪੋਸ਼ਣ, ਸਿੱਖਿਆ ਤੇ ਸਿਹਤ ਸਹੂਲਤਾਂ ਦੀ ਅਣਹੋਂਦ ਆਦਿ ਮੁਸੀਬਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ | ਮੁੱਖ ਮੰਤਰੀ ਸੂਬੇ ਦੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ, ਅਮਨ ਕਾਨੰੂਨ ਦੀ ਸਥਿਤੀ ਸੁਧਾਰਨ, ਨਸ਼ਾ ਤਸਕਰ ਤੇ ਮਾਫ਼ੀਆ ਗਿਰੋਹਾਂ ਨੰੂ ਨੱਥ ਪਾਉਣ ਦੀ ਬਜਾਏ ਜਨਤਕ ਮੰਚਾਂ ਉਪਰ ਨੋਟੰਕੀ ਕਰਦੇ ਡੰਗ ਟਪਾਈ ਕਰੀ ਜਾ ਰਹੇ ਹਨ | ਇਸ ਮੌਕੇ ਸਾਥੀ ਨੱਥਾ ਸਿੰਘ, ਪ੍ਰਗਟ ਸਿੰਘ ਜਾਮਾਰਾਏ, ਰਤਨ ਸਿੰਘ ਰੰਧਾਵਾ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ, ਸਕੱਤਰ ਸਿੰਘ, ਜਨਕ ਰਾਜ ਨੇ ਵਿਚਾਰ ਰੱਖੇ | ਪ੍ਰਧਾਨ ਜਸਵੰਤ ਸਿੰਘ ਸੰਧੂ ਨੇ ਆਏ ਹੋਏ ਆਗੂਆਂ ਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |