ਸਮਰਾਲਾ, 7 ਮਈ (ਕੁਲਵਿੰਦਰ ਸਿੰਘ)-ਟੈਗੋਰ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਸਕੂਲ ਪ੍ਰਬੰਧਕ ਬਾਲਕਿ੍ਸ਼ਨ ਅਨੇਜਾ ਅਤੇ ਸ਼੍ਰੀਮਤੀ ਸਵਾਤੀ ਅਨੇਜਾ ਦੀ ਸਰਪ੍ਰਸਤੀ ਹੇਠ ਅਤੇ ਪਿ੍ੰਸੀਪਲ ਮਨੋਜ ਕੁਮਾਰ ਦੀ ਅਗਵਾਈ ਵਿੱਚ 'ਜੂਨੀਅਰ ਸੁਪਰ ਮਾਡਲ' ਆਡੀਸ਼ਨ ਬੜੇ ਉਤਸ਼ਾਹ ਅਤੇ ਉਮੰਗ ਨਾਲ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿੱਚ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਆਡੀਸ਼ਨ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਸ਼੍ਰੇਣੀਆਂ ਨਿਰਧਾਰਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਨਾਚ (ਡਾਂਸਿੰਗ), ਕਵਿਤਾ-ਉਚਾਰਨ, ਗਾਇਨ ਅਤੇ ਅਦਾਕਾਰੀ ਸ਼ਾਮਲ ਸਨ | ਪ੍ਰੋਗਰਾਮ ਵਿੱਚ ਜੱਜਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਰਹੀ | ਜੱਜਾਂ ਦੇ ਪੈਨਲ ਵਿੱਚ ਦਿਸ਼ਾ ਲੂਥਰਾ, ਰਾਜ ਰਾਹੀ ਅਤੇ ਸਾਹਿਬ ਸਿੰਘ ਸ਼ਾਮਲ ਸਨ, ਜੋ 'ਰਨਨ ਪ੍ਰੋਡਕਸ਼ਨ' ਨਾਲ ਜੁੜੇ ਹੋਏ ਹਨ | ਜੱਜਾਂ ਨੇ ਭਾਗੀਦਾਰਾਂ ਦਾ ਨਿਰਪੱਖ ਮੁਲਾਂਕਣ ਕਰਦੇ ਹੋਏ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਸੁਝਾਅ ਵੀ ਦਿੱਤੇ | ਸਾਰੇ ਭਾਗੀਦਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਹਾਜ਼ਰ ਦਰਸ਼ਕਾਂ ਅਤੇ ਜੱਜਾਂ ਦਾ ਮਨ ਮੋਹ ਲਿਆ | ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਅਤੇ ਉਨ੍ਹਾਂ ਦੀਆਂ ਛੁਪੀਆਂ ਹੋਈਆਂ ਪ੍ਰਤਿਭਾਵਾਂ ਨੂੰ ਨਿਖਾਰਨ ਵਿੱਚ ਸਹਾਈ ਸਿੱਧ ਹੁੰਦੇ ਹਨ | ਪ੍ਰੋਗਰਾਮ ਦਾ ਸਫਲ ਆਯੋਜਨ ਸਕੂਲ ਦੇ ਅਧਿਆਪਕਾਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਸਦਕਾ ਸੰਭਵ ਹੋ ਸਕਿਆ | ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |